ਨੌਸ਼ਹਿਰਾ (ਜੰਮੂ-ਕਸ਼ਮੀਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੂੰ ਬਦਲਦੀ ਦੁਨੀਆ ਅਤੇ ਯੁੱਧ ਦੇ ਬਦਲਦੇ ਢੰਗਾਂ ਦੇ ਮੁਤਾਬਕ ਆਪਣੀ ਫੌਜੀ ਸਮਰੱਥਾ ਵਿਕਸਿਤ ਕਰਨੀ ਹੋਵੇਗੀ।
ਜੰਮੂ-ਕਸ਼ਮੀਰ ਵਿਚ ਸਰਹੱਦੀ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿਚ ਦੀਵਾਲੀ ਮੌਕੇ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਸੰਚਾਰ ਸਹੂਲਤਾਂ ਅਤੇ ਫ਼ੌਜ ਦੀ ਤਾਇਨਾਤੀ ਨੂੰ ਵਧਾਉਣ ਲਈ ਆਧੁਨਿਕ ਬੁਨਿਆਦੀ ਢਾਂਚਾ ਵਿਕਸਤ ਕੀਤਾ ਗਿਆ ਹੈ।
ਮੋਦੀ ਨੇ ਇੱਥੇ ਸਰਜੀਕਲ ਸਟ੍ਰਾਈਕ ਵਿਚ ਬ੍ਰਿਗੇਡ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਭਾਰਤ ਨੇ 29 ਸਤੰਬਰ, 2016 ਨੂੰ ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਵਿਚ ਇਕ ਫੌਜੀ ਅੱਡੇ ‘ਤੇ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿਚ ਕੰਟਰੋਲ ਰੇਖਾ (ਐਲਓਸੀ) ਦੇ ਪਾਰ ਸਰਜੀਕਲ ਸਟ੍ਰਾਈਕ ਕੀਤੀ ਸੀ।
ਮੋਦੀ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ਤੋਂ ਬਾਅਦ ਇੱਥੇ ਅੱਤਵਾਦ ਫੈਲਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਬਦਲਦੇ ਸੰਸਾਰ ਅਤੇ ਯੁੱਧ ਦੇ ਬਦਲਦੇ ਢੰਗਾਂ ਦੇ ਅਨੁਸਾਰ ਆਪਣੀ ਫੌਜੀ ਸਮਰੱਥਾ ਵਿਕਸਿਤ ਕਰਨੀ ਹੋਵੇਗੀ।
ਉਨ੍ਹਾਂ ਕਿਹਾ ਕਿ ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਅਤੇ ਜੈਸਲਮੇਰ ਤੋਂ ਅੰਡੇਮਾਨ ਅਤੇ ਨਿਕੋਬਾਰ ਤੱਕ ਦੇਸ਼ ਭਰ ਦੇ ਸਰਹੱਦੀ ਖੇਤਰਾਂ ਵਿਚ ਸੰਚਾਰ ਸੁਵਿਧਾਵਾਂ ਵਿਚ ਸੁਧਾਰ ਕੀਤਾ ਗਿਆ ਹੈ।
ਮੋਦੀ ਨੇ ਕਿਹਾ ਕਿ ਸਰਹੱਦੀ ਅਤੇ ਤੱਟਵਰਤੀ ਖੇਤਰ ਜਿਨ੍ਹਾਂ ਵਿਚ ਆਮ ਸੰਪਰਕ ਅਤੇ ਸੰਚਾਰ ਸਹੂਲਤਾਂ ਨਹੀਂ ਸਨ, ਹੁਣ ਸੜਕਾਂ ਅਤੇ ਆਪਟੀਕਲ ਫਾਈਬਰ ਹਨ ਅਤੇ ਇਸ ਨਾਲ ਫੌਜ ਦੀ ਤਾਇਨਾਤੀ ਸਮਰੱਥਾ ਅਤੇ ਸੈਨਿਕਾਂ ਲਈ ਸਹੂਲਤਾਂ ਵਿੱਚ ਵਾਧਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਦੇਸ਼ ਨੂੰ ਮੁੱਖ ਤੌਰ ‘ਤੇ ਰੱਖਿਆ ਖੇਤਰ ‘ਚ ਦਰਾਮਦ ‘ਤੇ ਨਿਰਭਰ ਰਹਿਣਾ ਪੈਂਦਾ ਸੀ ਪਰ ਉਨ੍ਹਾਂ ਦੀ ਸਰਕਾਰ ਦੇ ਯਤਨਾਂ ਸਦਕਾ ਸਵਦੇਸ਼ੀ ਸਮਰੱਥਾ ਨੂੰ ਹੁਲਾਰਾ ਮਿਲਿਆ ਹੈ।
ਉਨ੍ਹਾਂ ਜਵਾਨਾਂ ਦੇ ਹੌਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਮਰੱਥਾ ਅਤੇ ਤਾਕਤ ਨੇ ਦੇਸ਼ ਵਿਚ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ”ਮੈਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਦੀਵਾਲੀ ਮਨਾਉਣਾ ਚਾਹੁੰਦਾ ਹਾਂ, ਇਸ ਲਈ ਮੈਂ ਇਸ ਤਿਉਹਾਰ ‘ਤੇ ਤੁਹਾਨੂੰ ਮਿਲਣ ਆਇਆ ਹਾਂ।”
ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 2014 ‘ਚ ਸਿਆਚਿਨ ਗਏ ਸਨ। ਉਦੋਂ ਤੋਂ ਹਰ ਸਾਲ ਦੀਵਾਲੀ ‘ਤੇ ਉਹ ਸਰਹੱਦੀ ਇਲਾਕੇ ‘ਚ ਜਾ ਕੇ ਫੌਜੀਆਂ ਨੂੰ ਮਿਲਦਾ ਹੈ। ਅਧਿਕਾਰਤ ਸੂਤਰਾਂ ਨੇ ਨੌਸ਼ਹਿਰਾ ‘ਚ ਫੌਜੀ ਚੌਕੀ ‘ਤੇ ਮੌਜੂਦ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜਦੋਂ ਮੋਦੀ ਸਵੇਰੇ ਆਪਣੀ ਰਿਹਾਇਸ਼ ਤੋਂ ਨਿਕਲੇ ਤਾਂ ਸੁਰੱਖਿਆ ਦੇ ਮਾਮੂਲੀ ਪ੍ਰਬੰਧ ਕੀਤੇ ਗਏ ਸਨ ਅਤੇ ਆਵਾਜਾਈ ਦੇ ਰੂਟ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ ਤਾਂ ਜੋ ਲੋਕਾਂ ਨੂੰ ਅਸੁਵਿਧਾ ਨਾ ਹੋਵੇ।
ਥਲ ਸੈਨਾ ਮੁਖੀ ਜਨਰਲ ਐਮਐਮ ਨਰਵਾਣੇ ਨੇ ਬੁੱਧਵਾਰ ਨੂੰ ਰਾਜੌਰੀ ਸਮੇਤ ਅਗਾਂਹਵਧੂ ਖੇਤਰਾਂ ਦਾ ਹਵਾਈ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੂੰ ਜੰਮੂ ਖੇਤਰ ਵਿਚ ਕੰਟਰੋਲ ਰੇਖਾ (ਐਲਓਸੀ) ਦੇ ਨਾਲ ਮੌਜੂਦਾ ਸੁਰੱਖਿਆ ਸਥਿਤੀ ਤੋਂ ਜਾਣੂ ਕਰਵਾਇਆ ਗਿਆ।
ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਦੇ ਜੰਗਲਾਂ ਵਿਚ ਦਹਿਸ਼ਤਗਰਦਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਫ਼ੌਜ ਮੁਖੀ ਨੇ ਕਰੀਬ ਦੋ ਹਫ਼ਤਿਆਂ ਵਿਚ ਦੂਜੀ ਵਾਰ ਜੰਮੂ ਦਾ ਦੌਰਾ ਕੀਤਾ। ਇਹ ਮੁਹਿੰਮ ਹਾਲ ਦੀ ਘੜੀ ਸਭ ਤੋਂ ਲੰਬੀ ਹੈ ਜੋ ਵੀਰਵਾਰ ਨੂੰ 26ਵੇਂ ਦਿਨ ਵੀ ਜਾਰੀ ਰਹੀ।
ਟੀਵੀ ਪੰਜਾਬ ਬਿਊਰੋ