Site icon TV Punjab | Punjabi News Channel

ਸ਼ਮਾਂ ਰੌਸ਼ਨ ਕਰਨ ਨਾਲ ਦੋ ਰੋਜ਼ਾ ‘ਮੇਲਾ ਗਦਰੀ ਬਾਬਿਆਂ ਦਾ’ ਸ਼ੁਰੂ

ਜਲੰਧਰ : ਬੱਬਰ ਅਕਾਲੀ ਲਹਿਰ ਨੂੰ ਯਾਦ ਕਰਦਿਆਂ ਕਿਸਾਨ ਸੰਘਰਸ਼ ਨੂੰ ਸਮਰਪਿਤ ਦੋ ਰੋਜ਼ਾ 30ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ’ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਅੰਦਰ ਜੋਸ਼-ਖ਼ਰੋਸ਼ ਨਾਲ ਸ਼ੁਰੂ ਹੋਇਆ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸਹਾਇਕ ਸਕੱਤਰ ਡਾ.ਪਰਮਿੰਦਰ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਹਰਦੇਵ ਅਰਸ਼ੀ, ਵਿਜੈ ਬੰਬੇਲੀ, ਹਰਮੇਸ਼ ਮਾਲੜੀ, ਪ੍ਰੋ.ਗੋਪਾਲ ਬੁੱਟਰ, ਦੇਵ ਰਾਜ ਨਯੀਅਰ ਅਤੇ ਮਨਜੀਤ ਸਿੰਘ ਨੇ ਸ਼ਮ੍ਹਾਂ ਰੌਸ਼ਨ ਕੀਤੀ।

ਇਸ ਮੌਕੇ ਮਿਊਜ਼ੀਅਮ ਨੂੰ ਦਿੱਤੇ ਨਵੇਂ ਮੁਹਾਂਦਰੇ ਦਾ ਉਦਘਾਟਨ ਕਰਦਿਆਂ ਗ਼ਦਰੀ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ। ਮੇਲੇ ਦੇ ਪਹਿਲੇ ਦਿਨ ਪਹਿਲੇ ਸੈਸ਼ਨ ਦੇ ਮੁੱਖ ਬੁਲਾਰੇ ਡਾ. ਗਿਆਨ ਸਿੰਘ ਨੇ ‘ਖੇਤੀ ਸੰਕਟ ਅਤੇ ਹੱਲ’ ਵਿਸ਼ੇ ’ਤੇ ਬੋਲਦਿਆਂ ਠੋਸ ਤੱਥਾਂ ਦੇ ਹਵਾਲੇ ਦਿੰਦਿਆਂ ਕਿਹਾ ਕਿ ਕਾਰਪੋਰੇਟ ਦੀ ਨੀਤੀ ’ਤੇ ਫੁੱਲ ਚੜ੍ਹਾਉਂਦਿਆਂ ਖੇਤੀ ਵਿਕਾਸ ਦੇ ਨਾਂਅ ’ਤੇ ਖੇਤੀ ਅਤੇ ਕਿਸਾਨੀ ਦੇ ਉਜਾੜੇ ਦਾ ਰਾਹ ਮੋਕਲਾ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਜਰਈ ਖੇਤਰ ਉਪਰ ਹਮਲੇ ਦਾ ਕੇਂਦਰ ਕਿਸਾਨਾਂ ਨਾਲੋਂ ਵੀ ਖੇਤ ਮਜ਼ਦੂਰ ਕਿਤੇ ਜ਼ਿਆਦਾ ਸ਼ਿਕਾਰ ਹੋਣਗੇ ਇਸ ਲਈ ਸਮਾਜਕ ਵਿਤਕਰੇਬਾਜੀਆਂ ਦੀਆਂ ਸਭੇ ਕੰਧਾਂ ਢਾਹੁੰਦੇ ਹੋਏ ਕਿਰਤੀ ਕਿਸਾਨਾਂ ਨੂੰ ਗੱਲ ਲੱਗ ਕੇ ਸਾਂਝੇ ਸੰਗਰਾਮ ਅਤੇ ਹੱਲ ਦੇ ਨਵੇਂ ਰਾਹ ਤਲਾਸ਼ਣ ਲਈ ਸਾਂਝੇ ਉੱਦਮ ਜੁਟਾਉਣ ਦੀ ਲੋੜ ਹੈ।

ਡਾ. ਗਿਆਨ ਸਿੰਘ ਨੇ ਕਿਹਾ ਕਿ ਚੌਤਰਫ਼ੇ ਪ੍ਰਦੂਸ਼ਣ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਅਸਲ ’ਚ ਧਰਤੀ ਨਾਲ ਜੁੜੇ ਕਾਮੇ ਬੁੱਧੀਜੀਵੀਆਂ ਤੋਂ ਵਡੇਰੀਆਂ ਉਮੀਦਾਂ ਹਨ। ਉਹਨਾਂ ਨੇ ਜ਼ਮੀਨੀ ਹਕੀਕਤਾਂ ’ਤੇ ਅਧਾਰਤ ਸਰਵੇ ਦੀ ਤਸਵੀਰ ਖਿੱਚਦਿਆਂ ਕਿਹਾ ਕਿ ਹੇਠਲੇ ਡੰਡੇ ਤੇ ਵਸਦੀ ਮਿਹਨਤਕਸ਼ ਲੋਕਾਈ ਨੂੰ ਕਿਸਾਨ ਮੋਰਚੇ ਨੇ ਰੌਸ਼ਨੀ ਦੀ ਆਸ਼ਾਮਈ ਕਿਰਨ ਦਿਖਾਈ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਨੇ ਇਤਿਹਾਸ ਦੀਆਂ ਨਵੀਆਂ ਪੈੜਾਂ ਪਾਉਂਦਿਆਂ ਇਹ ਹਵਾ ’ਚ ਲਿਖ ਦਿੱਤਾ ਹੈ ਕਿ ਸਿਰਨਾਵਾਂ ਜਿਉਂਦੇ ਲੋਕਾਂ ਦਾ ਹੁੰਦਾ ਹੈ, ਮੋਇਆ ਦਾ ਨਹੀਂ। ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਨੇ ਵਿਚਾਰ-ਚਰਚਾ ਵਿਚ ਬੋਲਦਿਆਂ ਕਿਹਾ ਕਿ ਕਿਸਾਨੀ ਸੰਕਟ ਦਾ ਜ਼ਿੰਮੇਵਾਰ ਸਾਮਰਾਜੀ ਕਾਰਪੋਰੇਟ ਘਰਾਣਿਆਂ ਦੀ ਸੇਵਾ ’ਚ ਭੁਗਤ ਰਿਹਾ ਜਾਗੀਰ ਸਾਮਰਾਜੀ ਪ੍ਰਬੰਧ ਹੈ ਜੋ ਕੁਦਰਤੀ ਸੋਮਿਆਂ ਅਤੇ ਜ਼ਿੰਦਗੀ ਦੇ ਹਰ ਖੇਤਰ ਉਪਰ ਗਲਬਾ ਜਮਾ ਰਿਹਾ ਹੈ।

ਡਾ.ਪਰਮਿੰਦਰ ਨੇ ਕਿਹਾ ਕਿ ਅਜੋਕੇ ਸਮੇਂ ਕਾਲ਼ੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਿਹਾ ਸੰਗਰਾਮ ਪੂਰੇ ਮੁਲਕ ਦੇ ਜਰਈ ਸੰਕਟ ਨੂੰ ਅਤੇ ਕਿਰਤੀ ਕਿਸਾਨਾਂ ਸਮੇਤ ਸਮੂਹ ਮਿਹਨਤਕਸ਼ ਤਬਕਿਆਂ ਦੇ ਜੀਵਨ ਨਾਲ ਜੁੜਿਆ ਸੰਘਰਸ਼ ਹੈ। ਕਮੇਟੀ ਮੈਂਬਰ ਦਰਸ਼ਨ ਸਿੰਘ ਖਟਕੜ ਨੇ ਕਿਹਾ ਕਿ ਹਰੇ ਇਨਕਲਾਬ ਦੇ ਨਾਂਅ ’ਤੇ ਜਿਹਨਾਂ ਖੇਤਰਾਂ ’ਚ ਨਵੀਆਂ ਖੇਤੀ ਨੀਤੀਆਂ ਨੇ ਪੈਰ ਪਸਾਰੇ, ਉਥੇ ਸੰਕਟ ਹੋਰ ਵੀ ਵਿਆਪਕ ਅਤੇ ਤਿੱਖਾ ਹੋਇਆ ਹੈ।

ਇਹ ਸੰਕਟ ਜ਼ਮੀਨੀ ਸੁਧਾਰ ਕਰਨ ਦੀ ਬਜਾਏ ਸਗੋਂ ਜਾਗੀਰਦਾਰਾਂ ਦੀ ਮੱਦਦ ਕਰਨ ਕਾਰਨ ਹੋਰ ਵੀ ਗਹਿਰਾ ਹੋਇਆ ਹੈ। ਕਮੇਟੀ ਮੈਂਬਰ ਹਰਦੇਵ ਅਰਸ਼ੀ ਨੇ ਕਿਹਾ ਕਿ ਕਿਸਾਨ ਘੋਲ ਨੇ ਐਮ.ਐਸ.ਪੀ. ਦੀ ਹੱਕੀ ਮੰਗ ਦੇਸ਼ ਭਰ ’ਚ ਉਠਾ ਦਿੱਤੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਖੇਤ ਮਜ਼ਦੂਰਾਂ ਨੂੰ ਇਸ ਘੋਲ ’ਚ ਅਨਿਖੜਵਾਂ ਅੰਗ ਬਣਾਉਣਾ ਲਾਜ਼ਮੀ ਹੈ।

ਉਹਨਾਂ ਕਿਹਾ ਕਿ ਇਸ ਦਿਸ਼ਾ ਵੱਲ ਜਿਹੜੀਆਂ ਕਿਸਾਨ ਜੱਥੇਬੰਦੀਆਂ ਸੁਚੇਤ ਹੋ ਕੇ ਕੰਮ ਕਰ ਰਹੀਆਂ ਹਨ, ਉਹਨਾਂ ਨੇ ਪ੍ਰਭਾਵਸ਼ਾਲੀ ਕੰਮ ਕੀਤਾ ਹੈ। ਵਿਚਾਰ-ਚਰਚਾ ਦੇ ਦੂਜੇ ਸੈਸ਼ਨ ’ਚ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਵਿਸ਼ੇ ’ਤੇ ਬੋਲਦਿਆਂ ਡਾ. ਕਮਲੇਸ਼ ਉੱਪਲ ਨੇ ਕਿਹਾ ਕਿ ਬੱਬਰ ਅਕਾਲੀ ਲਹਿਰ ਗ਼ਦਰ ਲਹਿਰ ਤੋਂ ਪ੍ਰੇਰਨਾ ਲੈ ਕੇ ਆਜ਼ਾਦੀ ਦੀ ਜੱਦੋ ਜਹਿਦ ’ਚ ਕੁੱਦੀ।

ਉਹਨਾਂ ਕਿਹਾ ਕਿ ਬੱਬਰ ਅਕਾਲੀ ਲਹਿਰ ਭਾਵੇਂ ਥੋੜ੍ਹੇ ਸਮੇਂ ਦੀ ਅਤੇ ਇਕ ਖਿੱਤੇ ਦੀ ਲਹਿਰ ਸੀ ਪਰ ਇਸ ਲਹਿਰ ਨੇ ਆਜ਼ਾਦੀ ਦੇ ਇਤਿਹਾਸ ਵਿਚ ਅਮਿੱਟ ਛਾਪ ਛੱਡੀ। ਵਿਚਾਰ-ਚਰਚਾ ’ਚ 30ਵੇਂ ਮੇਲੇ ਦੀ ਸਾਰਥਕਤਾ ਸਬੰਧੀ ਮੁੱਢਲੇ ਸ਼ਬਦ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਹੇ ਅਤੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਸਭਨਾਂ ਬੁੱਧੀਜੀਵੀਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।

ਸ਼ਾਮ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ, ਪ੍ਰੋ. ਕੁਲਵੰਤ ਸਿੰਘ ਔਜਲਾ, ਹਰਮੀਤ ਵਿਦਿਆਰਥੀ, ਮਦਨ ਵੀਰਾ ਦੀ ਪ੍ਰਧਾਨਗੀ ਅਤੇ ਕਮੇਟੀ ਮੈਂਬਰ ਹਰਵਿੰਦਰ ਭੰਡਾਲ ਦੀ ਮੰਚ ਸੰਚਾਲਨਾ ’ਚ ਹੋਏ ਕਵੀ ਦਰਬਾਰ ’ਚ ਸ਼ਬਦੀਸ਼, ਵਿਸ਼ਾਲ, ਅਮਰੀਕ ਡੋਗਰਾ, ਸ਼ਮਸ਼ੇਰ ਮੋਹੀ, ਜਗਵਿੰਦਰ ਜੋਧਾ, ਵਾਹਿਦ, ਰਣਜੀਤ ਸਰਾਂਵਾਲੀ, ਕੁਲਵਿੰਦਰ ਕੁੱਲਾ, ਮਨਦੀਪ ਔਲਖ, ਦੀਪ ਨਿਰਮੋਹੀ, ਮਨਜਿੰਦਰ ਕਮਲ, ਸਵਾਮੀ ਅੰਤਰ ਨੀਰਵਾਲ, ਇੰਦੂ ਧਵਨ, ਮਦਨ ਵੀਰਾ, ਕੁਲਵੰਤ ਸਿੰਘ ਔਜਲਾ ਅਤੇ ਹਰਵਿੰਦਰ ਭੰਡਾਲ ਨੇ ਕਵਿਤਾਵਾਂ ਰਾਹੀਂ ਸਮੇਂ ਦੀ ਨਬਜ਼ ਫੜੀ ਅਤੇ ਸਮਾਜ ਅੰਦਰ ਧੁਖਦੇ ਅਨੇਕਾਂ ਹੀ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਕ ਵਿਸ਼ਿਆਂ ਨੂੰ ਕਾਵਿਕ ਰੰਗ ’ਚ ਪੇਸ਼ ਕੀਤਾ।

ਕਵੀ ਦਰਬਾਰ ’ਚ 28 ਪੁਸਤਕਾਂ ਲੋਕ ਅਰਪਣ ਹੋਣਾ ਇਹ ਦਰਸਾਉਂਦਾ ਹੈ ਕਿ ਚੁਣੌਤੀਆਂ ਦੇ ਦੌਰ ’ਚ ਸਾਹਿਤ ਸਿਰਜਣਾ ਹੋਰ ਵੀ ਧੱੜਲੇ ਨਾਲ ਹੋਣ ਲੱਗੀ ਹੈ। ਪੀਪਲਜ਼ ਵਾਇਸ ਵੱਲੋਂ ਸੱਤਿਆਜੀਤ ਰੇਅ ਦੀ ‘ਸਦਗਤੀ’ ਅਤੇ ਚਾਰਲਿਨ ਚੈਪਲਿਨ ਦੀ ‘ਵਰਕ’ ਫ਼ਿਲਮਾਂ ਵਿਸ਼ਾਲ ਪੰਡਾਲ ਵਿੱਚ ਦਿਖਾਈਆਂ ਗਈਆਂ।

ਪਹਿਲੀ ਨਵੰਬਰ ਸਵੇਰੇ 10 ਵਜੇ ਕਮੇਟੀ ਦੇ ਸੀਨੀਅਰ ਮੈਂਬਰ ਭਗਤ ਸਿੰਘ ਝੁੰਗੀਆਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਏਗੀ। ਇਸ ਉਪਰੰਤ ਓਪੇਰਾ ਨਾਟ ਵਿਧੀ ’ਚ ਝੰਡੇ ਦਾ ਗੀਤ ਹੋਏਗਾ।

ਦਿਨ ਵੇਲੇ ਹੀ ਮੇਲੇ ਦੇ ਮੁੱਖ ਵਕਤਾ ਪੀ.ਸਾਈਨਾਥ ਹੋਣਗੇ। ਸ਼ਾਮ ਨੂੰ ‘ਜਾਗੋ’ ਅਤੇ ਸਾਰੀ ਰਾਤ ਨਾਟਕ ਅਤੇ ਗੀਤ-ਸੰਗੀਤ ਹੋਏਗਾ, ਜੋ ਕਿ 2 ਨਵੰਬਰ ਸਰਘੀ ਵੇਲੇ ਤੱਕ ਜਾਰੀ ਰਹੇਗਾ।

ਟੀਵੀ ਪੰਜਾਬ ਬਿਊਰੋ

 

 

Exit mobile version