ਚੰਡੀਗੜ੍ਹ : ਪੰਜਾਬ ਤੇ ਚੰਡੀਗੜ੍ਹ ਜਰਨਲਿਟਸ ਯੂਨੀਅਨ ਵੱਲੋਂ ਅੱਜ ਗਾਂਧੀ ਜੈਅੰਤੀ ਦੇ ਮੌਕੇ ‘ਤੇ ‘ਕੋਰੋਨਾ ਪੱਤਰਕਾਰ ਤੇ ਸਰਕਾਰ ਦੀ ਭੂਮਿਕਾ’ ਵਿਸ਼ੇ ‘ਤੇ ਕੇਂਦਰੀ ਸਿੰਘ ਸਭਾ ਵਿਖੇ ਸੰਵਾਦ ਰਚਾਇਆ ਗਿਆ।
ਪ੍ਰਧਾਨਗੀ ਮੰਡਲ ਵਿਚ ਸੀਨੀਅਰ ਪੱਤਰਕਾਰ ਰੁਚਿਕਾ ਐਮ ਖੰਨਾ, ਬਿੰਦੂ ਸਿੰਘ, ਡਾਕਟਰ ਪਿਆਰਾ ਲਾਲ ਗਰਗ, ਪ੍ਰੋਫੈਸਰ ਖੁਸ਼ਹਾਲ ਸਿੰਘ, ਯੂਨੀਅਨ ਦੇ ਸੂਬਾਈ ਪ੍ਰਧਾਨ ਬਲਵਿੰਦਰ ਜੰਮੂ ਤੇ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਜੈ ਸਿੰਘ ਛਿੱਬਰ ਸ਼ਾਮਲ ਸਨ।
ਇਸ ਮੌਕੇ ਰੁਚਿਕਾ ਐਮ ਖੰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਦੌਰ ਦੌਰਾਨ ਅਖ਼ਬਾਰਾਂ ਤੇ ਪੱਤਰਕਾਰਾਂ ਦਾ ਵੱਡਾ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਸਮਾਜ ਵਿਚ ਪੱਤਰਕਾਰ ਦੀ ਵੱਡੀ ਭੂਮਿਕਾ ਹੈ ਲੋਕ ਅਖ਼ਬਾਰ ਵਿਚ ਛਪੀ ਖ਼ਬਰ ਨੂੰ ਸੱਚ ਮੰਨਦੇ ਹੋਏ ਵਿਸ਼ਵਾਸ਼ ਕਰਦੇ ਹਨ।
ਉਹਨਾਂ ਇਕ ਖ਼ਬਰ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਕ ਮੰਤਰੀ ਦਾ ਬੇਟਾ ਕਿਸੇ ਮਾਮਲੇ ਵਿਚ ਜੇਲ੍ਹ ਚਲਾ ਗਿਆ ਤੇ ਇਸ ਬਾਰੇ ਖ਼ਬਰ ਇਕ ਅਖ਼ਬਾਰ ਵਿਚ ਸਹੀ ਤੇ ਦੂਜੇ ਵਿਚ ਤੱਥਾਂ ਤੋ ਉਲਟ ਪ੍ਰਕਾਸ਼ਿਤ ਹੋ ਗਈ ਪਰ ਉਦੋਂ ਦੇ ਮੁੱਖ ਮੰਤਰੀ ਨੂੰ ਜਦੋਂ ਉਕਤ ਨੇਤਾ ਦੇ ਸਿਆਸੀ ਭਵਿੱਖ ਬਾਰੇ ਸਵਾਲ ਪੁੱਛਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੇ ਅਖ਼ਬਾਰ ਨੇ ਤਾਂ ਰਾਹਤ ਮਿਲਣ ਦੀ ਖ਼ਬਰ ਲਗਾਈ ਹੈ।
ਇਸ ਲਈ ਪੱਤਰਕਾਰਾਂ ਨੂੰ ਆਪਣੀ ਭਰੋਸੇਯੋਗਤਾ ਨੂੰ ਬਹਾਲ ਰੱਖਣ ਲਈ ਹਮੇਸ਼ਾ ਲੋਕ ਹਿਤ ਚ ਆਵਾਜ਼ ਉਠਾਉਣੀ ਚਾਹੀਦੀ ਹੈ। ਬਿੰਦੂ ਸਿੰਘ ਨੇ ਯੂਨੀਅਨ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਰੋਨਾ ਕਾਲ ਦੌਰਾਨ ਪੱਤਰਕਾਰਾਂ, ਫੋਟੋਗ੍ਰਾਫਰਾ ਤੇ ਇਲੈਕਟ੍ਰਾਨਿਕ ਮੀਡੀਆ ਦੇ ਨੁਮਾਇੰਦਿਆ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਤਨਦੇਹੀ ਨਾਲ ਲੋਕ ਭਲਾਈ ਲਈ ਕੰਮ ਕੀਤਾ।
ਇਸ ਦੌਰਾਨ ਕਈ ਪੱਤਰਕਾਰ ਜਿੰਦਗੀ ਤੋ ਰੁਖ਼ਸਤ ਹੋ ਗਏ ਪਰ ਸਰਕਾਰਾਂ ਨੇ ਪੱਤਰਕਾਰਾਂ ਨੂੰ ਸਮਾਜ ਦੇ ਦੂਜੇ ਵਰਗਾਂ ਦੇ ਬਰਾਬਰ ਮਾਨ ਸਨਮਾਨ ਨਹੀਂ ਦਿੱਤਾ। ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾਕਟਰ ਪਿਆਰਾ ਲਾਲ ਗਰਗ ਨੇ ਕਿਹਾ ਕਿ ਉਹ ਸਮਝਦੇ ਸਨ ਕਿ ਡਾਕਟਰਾਂ ਦੀ ਡਿਊਟੀ ਸਭ ਤੋਂ ਸਖ਼ਤ ਹੈ ਪਰ ਜਦੋਂ ਪੱਤਰਕਾਰਾਂ ਨਾਲ ਵਿਚਰਨ ਤੋ ਪਤਾ ਲੱਗਿਆਂ ਕਿ ਪੱਤਰਕਾਰ ਦੀ ਡਿਊਟੀ ਬਾਕੀਆਂ ਨਾਲੋਂ ਜਿਆਦਾ ਸਖ਼ਤ ਹੈ।
ਇਕ ਪੱਤਰਕਾਰ ਜਿੱਥੇ ਮਾਫੀਆ ਸਰਗਨਾ ਦੇ ਖਿਲਾਫ਼ ਲਿਖਦਾ ਉਥੇ ਸਰਕਾਰਾਂ ਦੀਆਂ ਗਲਤ ਨੀਤੀਆਂ ਨੂੰ ਉਧੇੜਦਾ ਹੈ। ਇਹੀ ਨਹੀਂ ਵਿਵਾਦਿਤ ਮੌਕੇ ‘ਤੇ ਵੀ ਪੱਤਰਕਾਰ ਮੌਤ ਦੀ ਪਰਵਾਹ ਨਾ ਕਰਦਾ ਹੋਇਆ ਘਟਨਾ ਸਥਾਨ ‘ਤੇ ਪੁੱਜਦਾ ਹੈ।
ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਖੁਸ਼ਹਾਲ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਨੂੰ ਇਕਪਾਸੜ ਜਾਂ ਪੁਲਿਸ ਕਾਰਵਾਈ ਦੇ ਆਧਾਰ ਤੇ ਰਿਪੋਰਟਿੰਗ ਕਰਨ ਦੀ ਬਜਾਏ ਜ਼ਮੀਨੀ ਹਕੀਕਤ ਤੇ ਖੋਜੀ ਪੱਤਰਕਾਰਤਾ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਯੂਨੀਅਨ ਦੇ ਸੂਬਾਈ ਪ੍ਰਧਾਨ ਬਲਵਿੰਦਰ ਜੰਮੂ ਨੇ ਚੰਡੀਗੜ੍ਹ ਯੂਨਿਟ ਵਲੋ ਕੀਤੇ ਕਾਰਜਾਂ ਦੀ ਪ੍ਰਸੰਸ਼ਾਂ ਕਰਦਿਆਂ ਕਿਹਾ ਕਿ ਲੋਕ ਹਿਤ ਅਤੇ ਪੱਤਰਕਾਰਾਂ ਦੇ ਹਿਤ ਵਿੱਚ ਕਾਰਜ ਜਾਰੀ ਰਹਿਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਯੂਨੀਅਨ ਪੱਤਰਕਾਰਾਂ ਦੀ ਅਵਾਜ਼ ਬਣ ਰਹੀ ਹੈ ਤੇ ਭਵਿੱਖ ਵਿੱਚ ਪੱਤਰਕਾਰਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਨੂੰ ਹੱਲ ਕਰਵਾਉਣ ਲਈ ਯਤਨ ਜਾਰੀ ਰਹਿਣਗੇ । ਯੂਨੀਅਨ ਦੇ ਚੰਡੀਗੜ੍ਹ ਯੂਨਿਟ ਦੇ ਸਰਪ੍ਰਸਤ ਤਰਲੋਚਨ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਸੰਵਾਦ ਦਾ ਸਿਲਸਿਲਾ ਜਾਰੀ ਰਹੇਗਾ।
ਟੀਵੀ ਪੰਜਾਬ ਬਿਊਰੋ