Site icon TV Punjab | Punjabi News Channel

ਤਿੱਬਤ ਵਿਚ ਚੀਨ ਦੀ ਪਹਿਲੀ ਇਲੈਕਟਿ੍ਕ ਟ੍ਰੇਨ ਜਲਦ ਹੋਵੇਗੀ ਸ਼ੁਰੂ, ਅਰੁਣਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦਾ ਸ਼ਹਿਰ ਨਿਅੰਗਚੀ ਵੀ ਜੁੜੇਗਾ ਨਾਲ

ਬੀਜਿੰਗ- ਹਿਮਾਲਿਆ ਦੇ ਤਿੱਬਤ ਖੇਤਰ ‘ਚ ਚੀਨ ਆਪਣੀ ਪਹਿਲੀ ਇਲੈਕਟ੍ਰਾਨਿਕ ਰੇਲ ਗੱਡੀ ਜੁਲਾਈ ਤੋਂ ਪਹਿਲਾਂ ਹੀ ਸ਼ੁਰੂ ਕਰ ਸਕਦਾ ਹੈ। ਇਹ ਰੇਲ ਗੱਡੀ ਰਣਨੀਤਕ ਤੌਰ ‘ਤੇ ਅਹਿਮ ਮੰਨੀ ਜਾ ਰਹੀ ਹੈ। ਇਹ ਰੇਲਗੱਡੀ ਤਿੱਬਤ ਤੋਂ ਸੂਬਾਈ ਰਾਜਧਾਨੀ ਲਹਾਸਾ ਤੇ ਅਰੁਣਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਸ਼ਹਿਰ ਨਿਅੰਗਚੀ ਨੂੰ ਵੀ ਜੋੜੇਗੀ।

ਅਧਿਕਾਰਤ ਮੀਡੀਆ ਵੱਲੋਂ ਜਾਰੀ ਕੀਤੀਆਂ ਗਈਆਂ ਰਿਪੋਰਟਾਂ ਮੁਤਾਬਕ ਸਿਚੁਆਨ-ਤਿੱਬਤ ਰੇਲਵੇ ਤਹਿਤ 435.5 ਕਿਲੋਮੀਟਰ ਦੇ ਲਹਾਸਾ-ਨਿਅੰਗਚੀ ਸੈਕਸ਼ਨ ਦਾ ਉਦਘਾਟਨ ਪਹਿਲੀ ਜੁਲਾਈ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੇ ਸ਼ਤਾਬਦੀ ਸਾਲ ਤੋਂ ਪਹਿਲਾਂ ਹੋ ਸਕਦਾ ਹੈ।

ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਨਵੰਬਰ ‘ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਸਿਚੁਆਨ ਸੂਬੇ ਤੇ ਤਿੱਬਤ ਦੇ ਨਿਅੰਗਚੀ ਨੂੰ ਜੋੜਨ ਵਾਲੇ ਰੇਲਵੇ ਪ੍ਰਾਜੈਕਟ ‘ਚ ਤੇਜ਼ੀ ਲਿਆਂਦੀ ਜਾਵੇ। ਇਹ ਰੇਲਵੇ ਲਾਈਨ ਸਾਡੇ ਸਰਹੱਦੀ ਖੇਤਰ ‘ਚ ਸੁਰੱਖਿਆ ‘ਚ ਸਥਿਰਤਾ ਲਿਆਉਣ ‘ਚ ਅਹਿਮ ਭੂਮਿਕਾ ਨਿਭਾਏਗੀ। ਸਿਚੁਆਨ-ਤਿੱਬਤ ਰੇਲ ਮਾਰਗ ਸਿਚੁਆਨ ਦੀ ਰਾਜਧਾਨੀ ਚੇਂਗਦੂ ਤੋਂ ਸ਼ੁਰੂ ਹੋਵੇਗਾ ਤੇ ਯਾਨ ਤੋਂ ਲੰਘਦੇ ਹੋਏ ਤਿੱਬਤ ‘ਚ ਦਾਖਲ ਹੋਵੇਗਾ। ਤਿੱਬਤ ਤੋਂ ਹੁੰਦੇ ਹੋਏ ਚਮਦੋ ਤਕ ਜਾਵੇਗਾ। ਇਸ ਨਾਲ ਚੇਂਗਦੂ ਤੋਂ ਲਹਾਸਾ ਤਕ 48 ਘੰਟੇ ਦਾ ਰਹਿ ਜਾਵੇਗਾ। ਨਿਅੰਗਚੀ ਮੇਡੋਗ ਸੂਬੇ ਦਾ ਸ਼ਹਿਰ ਹੈ ਤੇ ਇਹ ਭਾਰਤ ਦੇ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨੇੜੇ ਹੈ। ਚੀਨ ਨੇ ਪਹਿਲਾਂ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦਾ ਹਿੱਸਾ ਦੱਸਿਆ ਸੀ, ਜਿਸ ਨੂੰ ਭਾਰਤ ਨੇ ਮਜ਼ਬੂਤੀ ਨਾਲ ਖਾਰਜ ਕਰ ਦਿੱਤਾ ਸੀ। ਇਹ ਰੇਲਵੇ ਸੈਕਸ਼ਨ ਫ਼ੌਜੀ ਟ੍ਰਾਂਸਪੋਰਟ ਦੇ ਲਿਹਾਜ਼ ਨਾਲ ਚੀਨ ਲਈ ਅਹਿਮ ਸਾਬਿਤ ਹੋ ਸਕਦਾ ਹੈ।

ਟੀਵੀ ਪੰਜਾਬ ਬਿਊਰੋ

Exit mobile version