Site icon TV Punjab | Punjabi News Channel

PAU ਵੱਲੋਂ ਪੱਖੋਵਾਲ ਵਿਚ ਸਿਖਲਾਈ ਪ੍ਰੋਗਰਾਮ

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗ ਨਾਲ ਬਲਾਕ ਸਹਿਜਦ ਦੇ ਪਿੰਡ ਪੱਖੋਵਾਲ ਵਿਚ ਸਿਖਲਾਈ ਪ੍ਰੋਗਰਾਮ ਕਰਵਾਇਆ। ਇਹ ਪ੍ਰੋਗਰਾਮ ਘਰੇਲੂ ਪੋਸ਼ਕ ਬਗੀਚੀ ਬਾਰੇ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਜਾਣੂ ਕਰਵਾਉਣ ਲਈ ਕਰਵਾਇਆ ਗਿਆ। ਇਸ ਵਿਚ 40 ਦੇ ਕਰੀਬ ਕਿਸਾਨ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ।

ਇਸ ਪ੍ਰੋਗਰਾਮ ਦਾ ਉਦੇਸ਼ ਘਰੇਲੂ ਪੋਸ਼ਕ ਬਗੀਚੀ ਬਾਰੇ ਪੇਂਡੂ ਲੋਕਾਂ ਨੂੰ ਜਾਗਰੂਕ ਕਰਨਾ ਸੀ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਰਾਹੀਂ ਪੱਛੜੇ ਪਰਿਵਾਰਾਂ ਨੂੰ ਉਹਨਾਂ ਦੀ ਸਾਲ ਭਰ ਦੀ ਲੋੜ ਲਈ ਫਲਾਂ ਅਤੇ ਸਬਜ਼ੀਆਂ ਪੈਦਾ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹਨਾਂ ਦੇ ਪੋਸ਼ਣ ਦੀਆਂ ਲੋੜਾਂ ਪੂਰੀਆਂ ਹੋ ਸਕਣ।

ਡਾ. ਲਖਵਿੰਦਰ ਕੌਰ ਨੇ ਸਵਾਗਤ ਦੇ ਸ਼ਬਦ ਬੋਲੇ ੳਤੇ ਘਰੇਲੂ ਪੱਧਰ ਤੇ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਡਾ. ਰੁਮਾ ਦੇਵੀ ਨੇ ਸੰਤੁਲਿਤ ਖੁਰਾਕ ਵਿਚ ਫ਼ਲਾਂ ਅਤੇ ਸਬਜ਼ੀਆਂ ਦੇ ਮਹੱਤਵ ਬਾਰੇ ਗੱਲ ਕੀਤੀ ਅਤੇ ਸਿਖਿਆਰਥੀਆਂ ਨੂੰ ਚੰਗੀ ਖੁਰਾਕ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਫਲਾਂ ਅਤੇ ਸਬਜ਼ੀਆਂ ਦੁਆਰਾ ਵਾਤਾਵਰਨ ਦੀ ਸੰਭਾਲ ਵਿਸ਼ੇ ‘ਤੇ ਵੀ ਗੱਲ ਕੀਤੀ।

ਪੱਖੋਵਾਲ ਬਲਾਕ ਦੇ ਖੇਤੀ ਵਿਕਾਸ ਅਧਿਕਾਰੀ ਡਾ. ਪ੍ਰਕਾਸ਼ ਸਿੰਘ ਨੇ ਕਿਹਾ ਕਿ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਆਪਣੀ ਪੋਸ਼ਕ ਬਗੀਚੀ ਤਿਆਰ ਕਰਨੀ ਚਾਹੀਦੀ ਹੈ। ਉਹਨਾਂ ਨੇ ਖੇਤੀਬਾੜੀ ਵਿਭਾਗ ਦੀਆਂ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।

ਫਲ ਵਿਗਿਆਨੀ ਡਾ. ਕਰਨਬੀਰ ਸਿੰਘ ਗਿੱਲ ਨੇ ਘਰ ਦੇ ਵਿਹੜੇ ਵਿਚ ਉਗਾਏ ਜਾਣ ਵਾਲੇ ਫਲਦਾਰ ਬੂਟਿਆ ਬਾਰੇ ਜਾਣਕਾਰੀ ਦਿੱਤੀ। ਡਾ. ਪ੍ਰੇਮਪ੍ਰੀਤ ਸਿੰਘ, ਏ ਐੱਸ ਆਈ,ਬਲਾਕ ਪੱਖੋਵਾਲ ਨੇ ਧੰਨਵਾਦੀ ਸ਼ਬਦ ਕਹੇ। ਭਾਗ ਲੈਣ ਵਾਲਿਆਂ ਨੂੰ ਪੀ.ਏ.ਯੂ. ਦਾ ਸਾਹਿਤ, ਫਲਦਾਰ ਬੂਟੇ ਅਤੇ ਬੀਜਾਂ ਦੀਆਂ ਕਿੱਟਾਂ ਦਿੱਤੀਆਂ ਗਈਆਂ।

ਟੀਵੀ ਪੰਜਾਬ ਬਿਊਰੋ

Exit mobile version