Site icon TV Punjab | Punjabi News Channel

ਮੁੜ ਪੈਦਾ ਹੋ ਸਕਦੈ ਸੂਬੇ ‘ਚ ਪੈਟਰੋਲ ਸੰਕਟ! ਟਰੱਕ ਯੂਨੀਅਨਾਂ ਵੱਲੋਂ ਵੱਡਾ ਚੱਕਾ ਜਾਮ ਦਾ ਐਲਾਨ

ਡੈਸਕ- ਭਾਰਤੀ ਲੋਕ ਸਭਾ ਵਿੱਚ ਪਾਸ ਕੀਤੇ ਹਿੱਟ ਐਂਡ ਰਨ ਐਕਟ ਦੇ ਵਿਰੋਧ ਵਿੱਚ ਟਰੱਕ ਯੂਨੀਅਨਾਂ ਇੱਕ ਵਾਰ ਫਿਰ ਹੜਤਾਲ ’ਤੇ ਗਈਆਂ ਹਨ। ਸਬ-ਕਮੇਟੀ ਨਾਲ ਟਰੱਕ ਯੂਨੀਅਨਾਂ ਦੀ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਬੇਸਿੱਟਾ ਰਹੀ। ਜਿਸ ਤੋਂ ਬਾਅਦ ਯੂਨੀਅਨਾਂ ਨੇ ਇੱਕ ਵਾਰ ਫਿਰ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਬਠਿੰਡਾ ਤੇਲ ਡਿਪੂ ਤੋਂ ਟੈਂਕਰ ਅਜੇ ਵੀ ਨਹੀਂ ਭੇਜੇ ਜਾਣਗੇ।

ਚੰਡੀਗੜ੍ਹ ਵਿੱਚ ਟਰੱਕ ਯੂਨੀਅਨ ਅਤੇ ਪੰਜਾਬ ਸਰਕਾਰ ਦੀ ਸਬ-ਕਮੇਟੀ ਦਰਮਿਆਨ ਮੀਟਿੰਗ ਹੋਈ। ਇਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੁਲਦੀਪ ਸਿੰਘ ਧਾਲੀਵਾਲ ਸ਼ਾਮਲ ਸਨ। ਇਸ ਮੀਟਿੰਗ ਵਿੱਚ ਟਰੱਕ ਯੂਨੀਅਨ ਦੀਆਂ ਵੱਖ-ਵੱਖ 9 ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ, ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ, ਜਿਸ ਤੋਂ ਬਾਅਦ ਡਰਾਈਵਰਾਂ ਨੇ ਧਰਨਾ ਹੋਰ ਤੇਜ਼ ਕਰਨ ਦੀ ਗੱਲ ਆਖੀ ਹੈ।

ਇੰਨਾ ਹੀ ਨਹੀਂ ਬੀਤੀ ਰਾਤ ਬਠਿੰਡਾ ਵਿੱਚ ਪੁਲਿਸ ਅਤੇ ਧਰਨਾਕਾਰੀ ਟਰੱਕ ਡਰਾਈਵਰਾਂ ਵਿਚਾਲੇ ਝੜਪ ਵੀ ਹੋਈ, ਜਿਸ ਤੋਂ ਬਾਅਦ ਮਾਹੌਲ ਹੋਰ ਗਰਮ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਆਇਲ ਡਿਪੂ ਤੋਂ ਕੋਈ ਵੀ ਟੈਂਕਰ ਨਹੀਂ ਜਾਵੇਗਾ। ਜਿਸ ਕਾਰਨ ਪੈਟਰੋਲ ਅਤੇ ਡੀਜ਼ਲ ਦਾ ਸੰਕਟ ਹੋਰ ਡੂੰਘਾ ਹੋਣ ਦੀ ਸੰਭਾਵਨਾ ਹੈ।

ਟਰੱਕ ਯੂਨੀਅਨ ਦੇ ਆਗੂ ਅਜੈ ਸਿੰਗਲਾ ਨੇ ਦੱਸਿਆ ਕਿ ਉਹ ਆਪਣੀ ਯੂਨੀਅਨ ਦੇ ਮੈਂਬਰਾਂ ਨਾਲ ਅਗਲੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰਨ ਜਾ ਰਹੇ ਹਨ। ਸੰਘਰਸ਼ ਤੇਜ਼ ਕੀਤਾ ਜਾਵੇਗਾ। ਹੁਣ ਜਦੋਂ ਤੱਕ ਕੋਈ ਫੈਸਲਾ ਨਹੀਂ ਲਿਆ ਜਾਂਦਾ ਉਦੋਂ ਤੱਕ ਟਰੱਕ ਡਰਾਈਵਰ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਟਰੱਕ ਡਰਾਈਵਰ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕਰਦੇ, ਉਨ੍ਹਾਂ ਲਈ ਇਹ ਕਾਲੇ ਕਾਨੂੰਨ ਵਾਂਗ ਹੈ।

ਟਰੱਕ ਯੂਨੀਅਨਾਂ ਨੇ ਸਪੱਸ਼ਟ ਕੀਤਾ ਹੈ ਕਿ ਜੇ ਲੋੜ ਪਈ ਤਾਂ ਬਠਿੰਡਾ ਤੋਂ ਬਾਅਦ ਪੰਜਾਬ ਦੇ ਬਾਕੀ ਤਿੰਨ ਤੇਲ ਡਿਪੂਆਂ ਤੋਂ ਵੀ ਸਪਲਾਈ ਰੋਕ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੀਟਿੰਗ ਵਿੱਚ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੀ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਕੇਂਦਰ ਸਰਕਾਰ ਨਾਲ 31 ਜਨਵਰੀ ਨੂੰ ਮੀਟਿੰਗ ਹੈ, ਉਸ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

Exit mobile version