Site icon TV Punjab | Punjabi News Channel

ਕਾਰਬਨ ਟੈਕਸ ਦੇ ਮੁੱਦੇ ’ਤੇ ਪਾਰਲੀਮੈਂਟ ’ਚ ਇੱਕ-ਦੂਜੇ ’ਤੇ ਵਰ੍ਹੇ ਟਰੂਡੋ ਅਤੇ ਜਗਮੀਤ ਸਿੰਘ

ਕਾਰਬਨ ਟੈਕਸ ਦੇ ਮੁੱਦੇ ’ਤੇ ਪਾਰਲੀਮੈਂਟ ’ਚ ਇੱਕ-ਦੂਜੇ ’ਤੇ ਵਰ੍ਹੇ ਟਰੂਡੋ ਅਤੇ ਜਗਮੀਤ ਸਿੰਘ

Ottawa- ਕੈਨੇਡਾ ’ਚ ਲਿਬਰਲ-ਐਨਡੀਪੀ ਗੱਠਜੋੜ ਦੇ ਭਵਿੱਖ ਨੂੰ ਲੈ ਕੇ ਅਫਵਾਹਾਂ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਐਨਡੀਪੀ ਆਗੂ ਜਗਮੀਤ ਸਿੰਘ ਕਾਰਬਨ ਟੈਕਸ ਵਿਵਾਦ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ ਹਨ। ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ’ਚ ਪ੍ਰਸ਼ਨ ਕਾਲ ਦੌਰਾਨ ਟਰੂਡੋ ਅਤੇ ਜਗਮੀਤ ਸਿੰਘ ਵਿਚਾਲੇ ਗਰਮਾ-ਗਰਮ ਬਹਿਸ ਹੋਈ। ਇਸ ਦੌਰਾਨ ਟਰੂਡੋ ਅਤੇ ਸਿੰਘ ਨੇ ਕਾਰਬਨ ਟੈਕਸ ਛੋਟ ’ਤੇ ਬਹਿਸ ਕੀਤੀ। ਇਸ ’ਤੇ ਕੰਜ਼ਰਵੇਟਿਵ ਨੇਤਾ ਪਿਏਰੇ ਪੋਇਲੀਵਰੇ ਨੇ ਮਜ਼ਾਕ ’ਚ ਕਿਹਾ, ’ਕਾਰਬਨ ਟੈਕਸ ਨੂੰ ਲੈ ਕੇ ਇਨ੍ਹਾਂ ਦੋਹਾਂ ਨੂੰ ਇਸ ਤਰ੍ਹਾਂ ਝਗੜਾ ਕਰਦੇ ਦੇਖਣਾ ਲਗਭਗ ਦੁਖਦਾਈ ਅਤੇ ਦਿਲ ਕੰਬਾਊ ਹੈ।’
ਹਾਊਸ ਆਫ ਕਾਮਨਜ਼ ’ਚ ਪ੍ਰਸ਼ਨ ਕਾਲ ਦੌਰਾਨ, ਜਸਟਿਨ ਟਰੂਡੋ ਨੇ ਹਰ ਤਰ੍ਹਾਂ ਦੀ ਘਰੇਲੂ ਹੀਟਿੰਗ ’ਤੇ ਕਾਰਬਨ ਟੈਕਸ ਨੂੰ ਖਤਮ ਕਰਨ ਦੀ ਮੰਗ ਕਰਨ ਲਈ ਕੰਜ਼ਰਵੇਟਿਵਾਂ ਨਾਲ ਸ਼ਾਮਲ ਹੋਣ ’ਤੇ ਐਨਡੀਪੀ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਨਿਊ ਡੈਮੋਕਰੇਟਸ ਨੇ ਕੈਨੇਡਾ ਭਰ ’ਚ ਲੱਖਾਂ ਪ੍ਰਗਤੀਸ਼ੀਲਾਂ ਨੂੰ ਧੋਖਾ ਦਿੱਤਾ ਹੈ। ਐੱਨ. ਡੀ. ਪੀ. ਨੇ ਇਸ ਹਫਤੇ ਘਰੇਲੂ ਹੀਟਿੰਗ ’ਤੇ ਜੀ. ਐੱਸ. ਟੀ. ਨੂੰ ਰੱਦ ਕਰਨ, ਹੀਟਿੰਗ ਪੰਪਾਂ ਨੂੰ ਕੈਨੇਡੀਅਨਾਂ ਲਈ ਵਧੇਰੇ ਪਹੁੰਚਯੋਗ ਬਣਾਉਣ ਅਤੇ ਤੇਲ ਤੇ ਗੈਸ ਉਦਯੋਗ ਦੇ ਵਾਧੂ ਮੁਨਾਫੇ ’ਤੇ ਟੈਕਸ ਲਗਾਉਣ ਲਈ ਇੱਕ ਮਤਾ ਪੇਸ਼ ਕੀਤਾ ਸੀ ਪਰ ਗ੍ਰੀਨਜ਼ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਇਸ ਨੂੰ ਰੱਦ ਕਰ ਦਿੱਤਾ।
ਇਸ ’ਤੇ ਜਗਮੀਤ ਸਿੰਘ ਨੇ ਇਹ ਕਹਿ ਕੇ ਪਲਟਵਾਰ ਕੀਤਾ ਕਿ ਟਰੂਡੋ ਕਾਰਬਨ ਉਤਸਰਜਨ ਨੂੰ ਘੱਟ ਕਰਨ ਲਈ ਆਪਣੇ ਵਲੋਂ ਨਿਰਧਾਰਿਤ ਹਰੇਕ ਟੀਚੇ ਨੂੰ ਪੂਰਾ ਕਰਨ ਤੋਂ ਖੁੰਝੇ ਹਨ। ਇਸ ਦੇ ਨਾਲ ਹੀ ਇਸ ਮੌਕੇ ਉਨ੍ਹਾਂ ਨੇ ਟਰੂਡੋ ’ਤੇ ਵਰ੍ਹਦਿਆਂ ਵਾਤਾਵਰਣ ਕਮਿਸ਼ਨਰ ਦੇ ਇਸ ਹਫ਼ਤੇ ਦੇ ਆਡਿਟ ਦਾ ਹਵਾਲਾ ਦਿੱਤਾ, ਜਿਸ ’ਚ ਕਿਹਾ ਗਿਆ ਹੈ ਕਿ ਸਰਕਾਰ ਆਪਣੇ 2030 ਦੇ ਟੀਚੇ ਤੋਂ ਖੁੰਝਣ ਲਈ ਤਿਆਰ ਹੈ।
ਇਸ ਹਫ਼ਤੇ ਦੀ ਸ਼ੁਰੂਆਤ ’ਚ ਲਿਆਂਦੇ ਗਏ ਕੰਜ਼ਰਵੇਟਿਵ ਪ੍ਰਸਤਾਵ ’ਤੇ ਐੱਨ. ਡੀ. ਪੀ. ਦੀ ਵੋਟ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਵਾਲੇ ਟਰੂਡੋ ਨਵੀਨਤਮ ਲਿਬਰਲ ਸਨ। ਉਨ੍ਹਾਂ ਦੀ ਕਾਕਸ ਦੇ ਹੋਰ ਸੰਸਦ ਮੈਂਬਰਾਂ ਨੇ ਵੀ ਐੱਨ. ਡੀ. ਪੀ. ’ਤੇ ਜਲਵਾਯੂ ਤਬਦੀਲੀ ਵਿਰੁੱਧ ਲੜਨ ਲਈ ਇੱਕ ਹੋਰ ਪ੍ਰਸਤਾਵ ਦਾ ਸੁਝਾਅ ਦੇ ਕੇ ਮਿਸ਼ਰਿਤ ਸੰਕੇਤ ਭੇਜਣ ਦਾ ਦੋਸ਼ ਲਾਇਆ ਸੀ।

Exit mobile version