Site icon TV Punjab | Punjabi News Channel

ਭਾਰਤ ਨਾਲ ਵਪਾਰਕ ਗੱਲਬਾਤ ਰੋਕਣ ’ਤੇ ਬੋਲੇ ਟਰੂਡੋ, ਕਿਹਾ- ਮੈਂ ਹੋਰ ਕੁਝ ਨਹੀਂ ਕਹਾਂਗਾ

ਭਾਰਤ ਨਾਲ ਵਪਾਰਕ ਗੱਲਬਾਤ ਰੋਕਣ ’ਤੇ ਬੋਲੇ ਟਰੂਡੋ, ਕਿਹਾ- ਮੈਂ ਹੋਰ ਕੁਝ ਨਹੀਂ ਕਹਾਂਗਾ

Singapore- ਨਵੀਂ ਦਿੱਲੀ ਵਿਖੇ ਹੋਣ ਵਾਲੇ ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਓਟਾਵਾ ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਵਲੋਂ ਭਾਰਤ ਨਾਲ ਵਪਾਰਕ ਗੱਲਬਾਤ ਕਿਉਂ ਰੋਕੀ ਗਈ ਹੈ। ਕੈਨੇਡਾ ’ਚ ਭਾਰਤ ਦੇ ਰਾਜਦੂਤ ਨੇ ਹਾਲ ਹੀ ’ਚ ਖੁਲਾਸਾ ਕੀਤਾ ਕਿ ਓਟਾਵਾ ਨੇ ਪਿਛਲੇ ਮਹੀਨੇ ਦੇ ਅੰਦਰ ਵਪਾਰਕ ਗੱਲਬਾਤ ’ਤੇ ਵਿਰਾਮ ਲਈ ਕਿਹਾ ਹੈ। ਹਾਲਾਂਕਿ ਰਾਜਦੂਤ ਨੇ ਇਹ ਨਹੀਂ ਦੱਸਿਆ ਕਿ ਅਜਿਹਾ ਕਿਉਂ ਕੀਤਾ ਗਿਆ ਹੈ।
ਸ਼ੁੱਕਰਵਾਰ ਨੂੰ ਸਿੰਗਾਪੁਰ ਤੋਂ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦੋ ਵਾਰ ਕਾਰਨ ਦੱਸਣ ਲਈ ਕਿਹਾ ਗਿਆ, ਪਰ ਉਨ੍ਹਾਂ ਨੇ ਕੋਈ ਵੇਰਵਾ ਨਹੀਂ ਦਿੱਤਾ। ਟਰੂਡੋ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਮੁਕਤ ਵਪਾਰ ਬਾਰੇ ਗੱਲਬਾਤ ਲੰਬੀ ਅਤੇ ਗੁੰਝਲਦਾਰ ਹੈ ਅਤੇ ਮੈਂ ਹੋਰ ਕੁਝ ਨਹੀਂ ਕਹਾਂਗਾ। ਟਰੂਡੋ ਦੀਆਂ ਇਹ ਟਿੱਪਣੀਆਂ ਵਪਾਰ ਮੰਤਰੀ ਮੈਰੀ ਐਨਜੀ ਦੇ ਬਿਆਨ ਤੋਂ ਕੁਝ ਦਿਨ ਬਾਅਦ ਆਈਆਂ ਹਨ, ਜਿਸ ’ਚ ਕਿਹਾ ਗਿਆ ਸੀ ਕਿ ਕੈਨੇਡਾ ਇਸ ਵੇਲੇ ਇਸ ਗੱਲ ਦਾ ਜਾਇਜ਼ਾ ਲੈ ਰਿਹਾ ਹੈ ਕਿ ਚੀਜ਼ਾਂ ਕਿੱਥੇ ਹਨ।
ਐਨਜੀ ਨੇ ਮੰਗਲਵਾਰ ਨੂੰ ਇੰਡੋਨੇਸ਼ੀਆ ’ਚ ਪੱਤਰਕਾਰਾਂ ਨੂੰ ਕਿਹਾ, ‘‘ਵਪਾਰ ਸਮਝੌਤੇ ਗੁੰਝਲਦਾਰ ਹੁੰਦੇ ਹਨ ਅਤੇ ਇਸ ’ਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਇਸ ਬਿੰਦੂ ’ਤੇ ਅਸੀਂ ਜੋ ਕੁਝ ਵੀ ਕਰ ਰਹੇ ਹਾਂ, ਉਹ ਇਸ ਗੱਲ ਦਾ ਜਾਇਜ਼ਾ ਲੈਣ ਲਈ ਹੈ ਕਿ ਅਸੀਂ ਕਿੱਥੇ ਹਾਂ।’’
ਕੈਨੇਡਾ ਅਤੇ ਭਾਰਤ ਨੇ ਪਹਿਲੀ ਵਾਰ 2010 ’ਚ ਇੱਕ ਵਿਆਪਕ ਵਪਾਰਕ ਸੌਦੇ ਲਈ ਗੱਲਬਾਤ ਸ਼ੁਰੂ ਕੀਤੀ ਸੀ, ਪਰ ਉਨ੍ਹਾਂ ਯੋਜਨਾਵਾਂ 2017 ’ਚ ਛੱਡ ਦਿੱਤਾ ਗਿਆ ਸੀ। 2022 ਤੋਂ, ਦੋਵੇਂ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੇ ਬਾਰੇ ਗੱਲਬਾਤ ਵਿੱਚ ਰੁੱਝੇ ਹੋਏ ਹਨ ਜੋ ਕੁਝ ਖਾਸ ਉਦਯੋਗਾਂ ਤੱਕ ਸੀਮਤ ਹੋਵੇਗਾ। ਆਸੀਆਨ ਸਿਖਰ ਸੰਮੇਲਨ ਨਾਲ ਸੰਬੰਧਿਤ ਮੀਟਿੰਗਾਂ ਲਈ ਇੰਡੋਨੇਸ਼ੀਆ ਗਏ ਕੈਨੇਡਾ ਬਿਜ਼ਨਸ ਕੌਂਸਲ ਦੇ ਸੀਈਓ ਗੋਲਡੀ ਹੈਦਰ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਵਿਰਾਮ, ਸਰਕਾਰ ਲਈ ਇੱਕ ਸੰਭਾਵੀ ਸਮਝੌਤੇ ਦੀ ਸਮੱਗਰੀ ਬਾਰੇ ਸਵਾਲ ਪੁੱਛਣ ਦਾ ਇੱਕ ਮੌਕਾ ਹੈ।

Exit mobile version