Vancouver- ਇਜ਼ਰਾਈਲ-ਹਮਾਸ ਯੁੱਧ ’ਚ ਜੰਗਬੰਦੀ ਦੀ ਮੰਗ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਰਾਤੀਂ ਵੈਨਕੂਵਰ ਦੇ ਇੱਕ ਰੈਸਟੋਰੈਂਟ ’ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਘੇਰ ਲਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ’ਚ 100 ਪੁਲਿਸ ਅਧਿਕਾਰੀ ਤਾਇਨਾਤ ਕੀਤੇ ਗਏ ਅਤੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਵੈਨਕੂਵਰ ਪੁਲਿਸ ਵਿਭਾਗ ਦੇ ਬੁਲਾਰੇ ਨੇ ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ’ਚ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀਆਂ ਕਾਰਵਾਈਆਂ ਅਤੇ ਟਰੂਡੋ ਦੇ ਚਾਈਨਾਟਾਊਨ ਦੇ ਰੈਸਟੋਰੈਂਟ ਤੋਂ ਬਾਹਰ ਜਾਣ ਦੀ ਲੋੜ ਕਾਰਨ ਭਾਰੀ ਪੁਲਿਸ ਫੋਰਸ ਨੂੰ ਮੌਕੇ ’ਤੇ ਪਹੁੰਚਣਾ ਪਿਆ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਕੁਝ ਖਾਸ ਕਾਰਵਾਈਆਂ ਕੀਤੀਆਂ ਜੋ ਚਿੰਤਾਵਾਂ ਦਾ ਕਾਰਨ ਬਣੀਆਂ ਜਿਵੇਂ ਕਿ ਉਨ੍ਹਾਂ ਨੇ ਬੈਰਕੇਡ ਹਿਲਾ ਕੇ ਸੜਕ ’ਤੇ ਆਵਾਜਾਈ ਨੂੰ ਰੋਕ ਦਿੱਤਾ ਅਤੇ ਬਾਹਾਂ ’ਚ ਬਾਹਾਂ ਪਾ ਕੇ ਇੱਕ ਲੰਮੀ ਸਾਰੀ ਚੇਨ ਬਣਾ ਲਈ ਤਾਂ ਜੋ ਕੋਈ ਬਾਹਰ ਨਾ ਨਿਕਲ ਸਕੇ। ਐਡੀਸਨ ਨੇ ਕਿਹਾ ਕਿ ਪ੍ਰਦਰਸ਼ਨ ਆਯੋਜਿਤ ਕੀਤਾ ਗਿਆ ਸੀ ਪਰ ਪੁਲਿਸ ਨੂੰ ਇਸ ਬਾਰੇ ਪਹਿਲਾਂ ਤੋਂ ਪਤਾ ਨਹੀਂ ਸੀ।
ਉਨ੍ਹਾਂ ਅੱਗੇ ਆਖਿਆ ਕਿ ਪ੍ਰਦਰਸ਼ਨ ਬਾਰੇ ਜਾਣਕਾਰੀ ਮਿਲਣ ਮਗਰੋਂ ਅਸੀਂ ਵਿਵਸਥਾ ਨੂੰ ਬਹਾਲ ਕਰਨ ਅਤੇ ਭੀੜ ਨੂੰ ਖਿੰਡਾਉਣ ਲਈ ਤੁਰੰਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਲਗਭਗ 100 ਅਧਿਕਾਰੀਆਂ ਨੂੰ ਤਾਇਨਾਤ ਕੀਤਾ। ਐਡੀਸਨ ਨੇ ਕਿਹਾ ਕਿ ਅਜਿਹਾ ਕਰਨਾ ਇਸ ਲਈ ਵੀ ਜ਼ਰੂਰੀ ਸੀ, ਕਿਉਂਕਿ ਪ੍ਰਧਾਨ ਮੰਤਰੀ ਉਸ ਰੈਸਟੋਰੈਂਟ ਦੇ ਅੰਦਰ ਸਨ।
ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਵੀਡੀਓਜ਼ ’ਚ ਇਹ ਸਾਫ਼ ਪਤਾ ਲੱਗਦਾ ਹੈ ਕਿ ਰੈਸੋਟਰੈਂਟ ਦੇ ਬਾਹਰ ਪ੍ਰਦਰਸ਼ਨਕਾਰੀ ‘ਫਲਸਤੀਨ ਆਜ਼ਾਦ ਹੋਵੇਗਾ’ ਅਤੇ ‘ਹੁਣ ਜੰਗਬੰਦੀ’ ਦੇ ਨਾਅਰੇ ਲਗਾ ਰਹੇ ਸਨ। ਉਨ੍ਹਾਂ ਨੇ ਆਪਣੇ ਹੱਥਾਂ ’ਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ‘ਨਸਲਕੁਸ਼ੀ ਨੂੰ ਫੰਡ ਦੇਣਾ ਬੰਦ ਕਰੋ’ ਅਤੇ ‘ਗਾਜ਼ਾ ਨੂੰ ਬਚਾਓ’ ਲਿਖਿਆ ਹੋਇਆ ਸੀ।
ਐਡੀਸਨ ਨੇ ਦੱਸਿਆ ਕਿ ਟੂਰਡੋ ਅਤੇ ਉਨ੍ਹਾਂ ਦੀ ਟੀਮ ਦੇ ਚਲੇ ਜਾਣ ਮਗਰੋਂ ਪੁਲਿਸ ਅਫ਼ਸਰਾਂ ਨੇ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਦੋ ਗਿ੍ਰਫ਼ਤਾਰੀਆਂ ਵੀ ਹੋਈਆਂ।