ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ 2020 ਦੀਆਂ ਚੋਣਾਂ ’ਚ ਆਪਣੀ ਹਾਰ ਦੇ ਨਤੀਜਿਆਂ ਨੂੰ ਬਦਲਣ ਦੀ ਸਾਜ਼ਿਸ਼ ਰਚਣ ਮਾਮਲੇ ’ਚ ਵਾਸ਼ਿੰਗਟਨ ਦੀ ਅਦਾਲਤ ’ਚ ਸੁਣਵਾਈ ਚੱਲ ਰਹੀ ਹੈ। ਡੋਨਾਲਡ ਟੰਰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਸਾਹਮਣੇ ਇਸ ਮਾਮਲੇ ’ਚ ਨਿਰਪੱਖ ਸਣਵਾਈ ਹੋਣ ਦਾ ‘ਕੋਈ ਰਾਹ ਨਹੀਂ’ ਹੈ ਅਤੇ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਵੱਖਰੀ ਥਾਂ ਅਤੇ ਵੱਖਰੇ ਜੱਜ ਦੀ ਮੰਗ ਕੀਤੀ ਹੈ। ਟਰੰਪ ਨੇ ਬੀਤੇ ਦਿਨ ਟਰੂੱਥ (Truth Social) ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ, ‘‘ਕਿਸੇ ਵੀ ਤਰ੍ਹਾਂ ਨਾਲ ਮੈਂ ਵਾਸ਼ਿੰਗਟਨ ਡੀ. ਸੀ. ’ਚ ਨਿਰਪੱਖ ਸੁਣਵਾਈ ਜਾਂ ਨਿਰਪੱਖ ਸੁਣਵਾਈ ਦੇ ਕਰੀਬ ਨਹੀਂ ਪਹੁੰਚ ਸਕਦਾ।’’ ਉਨ੍ਹਾਂ ਬਾਈਡਨ ਪ੍ਰਸਾਸ਼ਨ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਵਾਸ਼ਿੰਗਟਨ ਡੀ. ਸੀ. ਸ਼ਹਿਰ ’ਚ ਹੱਤਿਆਵਾਂ ਨੇ ‘ਸਾਰੇ ਰਿਕਾਰਡ’ ਤੋੜ ਦਿੱਤੇ ਹਨ ਅਤੇ ਦੇਸ਼ ’ਚ ਆਉਣ ਵਾਲੇ ਸੈਲਾਨੀ ਭੱਜ ਰਹੇ ਹਨ। ਟਰੰਪ ਨੇ ਅੱਗੇ ਕਿਹਾ ਕਿ ਉਨ੍ਹਾਂ ਵਿਰੁੱਧ ਮਾਮਲਾ ਕੁਝ ਸਾਲ ਪਹਿਲਾਂ ਵੀ ਲਾਇਆ ਜਾ ਸਕਦਾ ਸੀ ਪਰ ਇਸ ਨੂੰ ਚੋਣ ਮੁਹਿੰਮ ਦੇ ਠੀਕ ਵਿਚਾਲੇ ਲਾਇਆ ਗਿਆ ਹੈ। ਟਰੰਪ ਨੇ ਇੱਕ ਹੋਰ ਪੋਸਟ ’ਚ ਕਿਹਾ, ‘‘ਮੈਨੂੰ ਉਮੀਦ ਹੈ ਕਿ ਤੁਸੀਂ ਅਮਰੀਕਾ ਨੂੰ ਦੇਖ ਰਹੇ ਹੋ। ਸਾਡਾ ਦੇਸ਼ ਨਸ਼ਟ ਹੋ ਰਿਹਾ ਹੈ। ਅਮਰੀਕਾ ਨੂੰ ਮੁੜ ਮਹਾਨ ਬਣਨਾ ਹੈ।’’
ਦੱਸ ਦਈਏ ਕਿ 6 ਜਨਵਰੀ, 2021 ਨੂੰ ਅਮਰੀਕੀ ਸੰਸਦ ਕੈਪੀਟਲ ਹਿੱਲ ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਵੜ ਗਏ ਸਨ ਅਤੇ ਉਨ੍ਹਾਂ ਨੇ ਰੱਜ ਦੇ ਹੰਗਾਮਾ ਕੀਤਾ। ਇਸ ਹਿੰਸਾ ਪਿੱਛੇ ਟਰੰਪ ਦਾ ਹੱਥ ਦੱਸਿਆ ਗਿਆ ਸੀ। ਹਿੰਸਾ ਦੌਰਾਨ ਪੰਜ ਲੋਕ ਮਾਰੇ ਗਏ ਸਨ, ਜਦੋਂਕਿ 100 ਤੋਂ ਵੱਧ ਜ਼ਖ਼ਮੀ ਹੋਏ ਸਨ। ਟਰੰਪ ’ਤੇ ਪ੍ਰਤੀਨਿਧੀ ਸਦਨ ਵਲੋਂ ਬਗਾਵਤ ਨੂੰ ਭੜਕਾਉਣ ਦਾ ਦੋਸ਼ ਲਾਇਆ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਮਹਾਂਦੋਸ਼ ਦਾ ਸਾਹਮਣਾ ਕਰਨਾ ਪਿਆ ਸੀ। ਟਰੰਪ ’ਤੇ ਇਹ ਵੀ ਦੋਸ਼ ਸੀ ਕਿ ਉਸ ਨੇ ਆਪਣੇ ਸਮਰਥਕਾਂ ਰਾਹੀਂ ਚੋਣ ਹਾਰ ਨੂੰ ਪਲਟਣ ਦੀ ਕੋਸ਼ਿਸ਼ ਕੀਤੀ ਸੀ।