Site icon TV Punjab | Punjabi News Channel

ਤੁਰਕੀ ਦੀ ਕੋਲਾ ਖਾਨ ‘ਚ ਵੱਡਾ ਹਾਦਸਾ, 25 ਦੀ ਮੌਤ, ਕਈ ਜ਼ਖਮੀ

ਅਮਾਸਾਰਾ- ਤੁਰਕੀ ਦੇ ਅਮਾਸਾਰਾ ਸ਼ਹਿਰ ਤੋਂ ਇਕ ਮੰਦਭਾਗੀ ਖਬਰ ਆਈ ਹੈ। ਇੱਕ ਕੋਲੇ ਦੀ ਖਾਨ ਵਿੱਚ ਧਮਾਕਾ ਹੋਣ ਕਾਰਨ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਧਮਾਕੇ ਤੋਂ ਬਾਅਦ ਕਿੰਨੇ ਲੋਕ ਘਟਨਾ ਸਥਾਨ ‘ਤੇ ਫਸੇ ਹੋਏ ਹਨ। ਅਧਿਕਾਰਤ ਬਿਆਨਾਂ ਦੇ ਅਨੁਸਾਰ, ਜਦੋਂ ਧਮਾਕਾ ਹੋਇਆ, ਉਸ ਸਮੇਂ ਲਗਭਗ 110 ਲੋਕ ਖਾਨ ਵਿੱਚ ਕੰਮ ਕਰ ਰਹੇ ਸਨ।

ਤੁਰਕੀ ਦੇ ਸਿਹਤ ਮੰਤਰੀ ਫਹਰਤਿਨ ਕੋਕਸ ਨੇ ਟਵੀਟ ਕੀਤਾ ਕਿ ਹਾਦਸੇ ‘ਚ ਜ਼ਖਮੀ ਹੋਏ 17 ਲੋਕਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਇਕ ਬਿਆਨ ‘ਚ ਕਿਹਾ ਕਿ ਧਮਾਕੇ ਦੇ ਸਮੇਂ ਕਰੀਬ 49 ਲੋਕ ਖਾਨ ‘ਚ ਕੰਮ ਕਰ ਰਹੇ ਸਨ। ਉਸ ਨੇ ਦੱਸਿਆ ਸੀ ਕਿ ਇਹ ਮਾਈਨ ਕਰੀਬ 300 ਤੋਂ 350 ਮੀਟਰ ਡੂੰਘੀ ਹੈ ਅਤੇ ਜੋਖਿਮ ਵਾਲਾ ਖੇਤਰ ਹੈ।

ਕੋਲੇ ਦੀ ਖਾਨ ਵਿੱਚ ਧਮਾਕੇ ਦੇ ਕਾਰਨਾਂ ਬਾਰੇ ਦੇਸ਼ ਦੇ ਊਰਜਾ ਮੰਤਰੀ ਫਾਤਿਹ ਡੋਨਮੇਜ਼ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਧਮਾਕਾ ਖਾਨ ਵਿੱਚ ਮੌਜੂਦ ਮੀਥੇਨ ਗੈਸ ਕਾਰਨ ਹੋਇਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸਮੇਂ ਖਦਾਨ ਅੰਦਰ ਕੋਈ ਅੱਗ ਨਹੀਂ ਲੱਗੀ ਹੈ। ਨਾਲ ਹੀ ਅੰਦਰ ਵੈਂਟੀਲੇਸ਼ਨ ਸਿਸਟਮ ਵੀ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ। ਡੋਮੇਜ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਖਾਨ ਅੰਸ਼ਕ ਤੌਰ ‘ਤੇ ਢਹਿ ਗਈ। ਬਾਰਟਿਨ ਗਵਰਨਰ ਦੇ ਦਫਤਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸ਼ਾਮ ਕਰੀਬ 6 ਵਜੇ ਖਾਨ ਦੇ ਗੇਟ ਤੋਂ 300 ਮੀਟਰ ਦੀ ਦੂਰੀ ‘ਤੇ ਧਮਾਕਾ ਹੋਇਆ।

ਹਾਦਸੇ ਦੀ ਫੁਟੇਜ ਤੁਰਕੀ ਦੇ ਟੈਲੀਵਿਜ਼ਨ ਨੈੱਟਵਰਕ ਨੇ ਜਾਰੀ ਕੀਤੀ ਹੈ। ਜਿਸ ਵਿੱਚ ਕੋਲੇ ਦੀਆਂ ਖਾਣਾਂ ਵਿੱਚ ਕੰਮ ਕਰਨ ਵਾਲਿਆਂ ਦੇ ਪਰਿਵਾਰ ਉੱਥੇ ਖੜ੍ਹੇ ਆਪਣੇ ਪਿਆਰਿਆਂ ਦੀ ਚਿੰਤਾ ਕਰਦੇ ਨਜ਼ਰ ਆ ਰਹੇ ਹਨ। ਨਾਲ ਹੀ, ਜਿਨ੍ਹਾਂ ਮਾਈਨਰਾਂ ਨੂੰ ਬਾਹਰ ਕੱਢਿਆ ਗਿਆ ਹੈ, ਉਨ੍ਹਾਂ ਨੂੰ ਸਟਰੈਚਰ ਦੀ ਮਦਦ ਨਾਲ ਐਂਬੂਲੈਂਸ ‘ਤੇ ਲਿਜਾਇਆ ਜਾ ਰਿਹਾ ਹੈ। ਦੇਸ਼ ਦੀ ਸਰਕਾਰ ਨੇ ਧਮਾਕੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

Exit mobile version