Washington- ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਟਕਰਾਅ ਦਰਮਿਆਨ ਅਮਰੀਕਾ 300 ਵਾਧੂ ਸੈਨਿਕਾਂ ਨੂੰ ਅਮਰੀਕੀ ਸੈਂਟਰਲ ਕਮਾਂਡ ਖੇਤਰ ’ਚ ਭੇਜੇਗਾ। ਇਹ ਖੇਤਰ ਮੱਧ ਪੂਰਬ ਅਤੇ ਅਫਰੀਕਾ ਦੇ ਕੁਝ ਹਿੱਸਿਆਂ ਨੂੰ ਕਵਰ ਕਰਦਾ ਹੈ। ਇਹ ਜਾਣਕਾਰੀ ਪੈਂਟਾਗਨ ਦੇ ਪ੍ਰੈੱਸ ਸਕੱਤਰ ਬ੍ਰਿਗੇਡੀਅਰ ਜਨਰਲ ਪੈਟਰਿਕ ਰਾਈਡਰ ਨੇ ਦਿੱਤੀ ਹੈ।
ਪੈਟ੍ਰਿਕ ਰਾਈਡਰ ਨੇ ਕਿਹਾ ਹੈ ਕਿ ਇਹ ਸੈਨਿਕ ਖੇਤਰ ’ਚ ਪਹਿਲਾਂ ਤੋਂ ਮੌਜੂਦ ਸੈਨਿਕਾਂ ਨੂੰ ਸਹਾਇਤਾ ਪ੍ਰਦਾਨ ਕਰਨਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਸੈਨਿਕ ਇਜ਼ਰਾਈਲ ਨਹੀਂ ਜਾਣਗੇ। ਉਨ੍ਹਾਂ ਦਾ ਮਕਸਦ ਅਮਰੀਕੀ ਬਲ ਸੁਰੱਖਿਆ ਸਮਰੱਥਾ ਨੂੰ ਹੋਰ ਵਧਾਉਣਾ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੀ ਸੈਂਟਰਲ ਕਮਾਂਡ ਦੁਆਰਾ ਨਿਗਰਾਨੀ ਕੀਤੇ ਜਾਣ ਵਾਲੇ ਖੇਤਰ ’ਚ 20 ਦੇਸ਼ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਵਿੱਚ ਇਰਾਕ, ਈਰਾਨ, ਪਾਕਿਸਤਾਨ, ਅਫਗਾਨਿਸਤਾਨ, ਅਰਬ ਪ੍ਰਾਇਦੀਪ ਅਤੇ ਉੱਤਰੀ ਲਾਲ ਸਾਗਰ ਦੇ ਦੇਸ਼ ਅਤੇ ਮੱਧ ਏਸ਼ੀਆ ਦੇ ਪੰਜ ਗਣਰਾਜ ਸ਼ਾਮਲ ਹਨ।
ਰਾਈਡਰ ਨੇ ਕਿਹਾ ਕਿ ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਸੈਨੇਟ ਦੀ ਗਵਾਹੀ ’ਚ ਆਪਣੀ ਟਿੱਪਣੀ ਦੌਰਾਨ ਦੱਸਿਆ ਕਿ ਯੂ. ਐੱਸ. ਇਜ਼ਰਾਈਲ ਦੀ ਮਦਦ ਕਰਨਾ ਜਾਰੀ ਰੱਖੇਗਾ। ਆਸਟਿਨ ਨੇ ਕਿਹਾ ਕਿ ਅਮਰੀਕਾ ਆਇਰਨ ਡੋਮ ਪ੍ਰਣਾਲੀ ਲਈ ਹਵਾਈ ਰੱਖਿਆ ਸਮਰੱਥਾਵਾਂ, ਸ਼ੁੱਧਤਾ ਨਿਰਦੇਸ਼ਿਤ ਯੁੱਧ ਸਮਗਰੀ ਅਤੇ ਹੋਰ ਇੰਟਰਸੈਪਟਰ ਪ੍ਰਦਾਨ ਕਰਨ ’ਤੇ ਕੇਂਦਰਿਤ ਹੈ।
ਰਾਈਡਰ ਨੇ ਦੱਸਿਆ ਕਿ ਆਸਟਿਨ ਨੇ ਕਿਹਾ ਕਿ ਅਮਰੀਕਾ ਬੰਧਕਾਂ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਲਈ ਇਜ਼ਰਾਈਲ ਨਾਲ ਕੰਮ ਕਰ ਰਿਹਾ ਹੈ। ਆਸਟਿਨ ਆਪਣੇ ਇਜ਼ਰਾਈਲੀ ਹਮਰੁਤਬਾ ਯੋਵ ਗੈਲੈਂਟ ਦੇ ਸੰਪਰਕ ’ਚ ਬਣੇ ਹੋਏ ਹਨ। ਉਨ੍ਹਾਂ ਨੇ ਇਜ਼ਰਾਇਲੀ ਰੱਖਿਆ ਬਲਾਂ ਦੀ ਵੀ ਤਾਰੀਫ ਕੀਤੀ।