ਟੀ-20 ਵਿਸ਼ਵ ਕੱਪ 2022 ‘ਚ ਭਾਰਤ ਸੈਮੀਫਾਈਨਲ ਤੋਂ ਬਾਹਰ ਹੋ ਗਿਆ ਹੈ। ਪਰ ਉਹ ਅਤੇ ਵਿਰਾਟ ਕੋਹਲੀ ਟੂਰਨਾਮੈਂਟ ਦੇ ਪਹਿਲੇ ਮੈਚ ‘ਚ ਪਾਕਿਸਤਾਨ ਖਿਲਾਫ ਮਿਲੀ ਅਣਕਿਆਸੀ ਜਿੱਤ ਨੂੰ ਹਮੇਸ਼ਾ ਯਾਦ ਰੱਖਣਗੇ। ਟੀਮ ਇੰਡੀਆ ਨੇ 23 ਅਕਤੂਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ (MCG) ‘ਤੇ ਟੀ-20 ਵਿਸ਼ਵ ਕੱਪ 2022 ਦੇ ਆਪਣੇ ਪਹਿਲੇ ਮੈਚ ‘ਚ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ। ਕੋਹਲੀ ਨੇ ਉਸ ਮੈਚ ‘ਚ 82 ਦੌੜਾਂ ਦੀ ਅਜੇਤੂ ਅਤੇ ਸ਼ਾਨਦਾਰ ਪਾਰੀ ਖੇਡੀ ਸੀ।
ਸਾਬਕਾ ਭਾਰਤੀ ਕਪਤਾਨ ਕੋਹਲੀ ਨੇ ਇਕ ਵਾਰ ਫਿਰ ਆਪਣੀ ਪਾਰੀ ਨੂੰ ਯਾਦ ਕੀਤਾ ਹੈ। ਪਾਕਿਸਤਾਨ ਖਿਲਾਫ ਟੀ-20 ਵਿਸ਼ਵ ਕੱਪ 2022 ਦੇ ਮੈਚ ਨੂੰ ਯਾਦ ਕਰਕੇ ਵਿਰਾਟ ਭਾਵੁਕ ਹੋ ਗਏ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਨੋਟ ਵੀ ਲਿਖਿਆ ਹੈ। ਮੈਚ ਨੂੰ ਯਾਦ ਕਰਦੇ ਹੋਏ ਕੋਹਲੀ ਨੇ ਇੰਸਟਾਗ੍ਰਾਮ ‘ਤੇ ਲਿਖਿਆ, ”23 ਅਕਤੂਬਰ 2022 ਮੇਰੇ ਦਿਲ ‘ਚ ਹਮੇਸ਼ਾ ਖਾਸ ਰਹੇਗਾ। ਕ੍ਰਿਕਟ ਦੀ ਖੇਡ ‘ਚ ਅਜਿਹੀ ਊਰਜਾ ਪਹਿਲਾਂ ਕਦੇ ਮਹਿਸੂਸ ਨਹੀਂ ਹੋਈ ਸੀ। ਕਿੰਨੀ ਸੋਹਣੀ ਸ਼ਾਮ ਸੀ।”
ਮੈਚ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਨੇ 90 ਹਜ਼ਾਰ ਤੋਂ ਵੱਧ ਦਰਸ਼ਕਾਂ ਦੀ ਮੌਜੂਦਗੀ ਵਿੱਚ MCG ਵਿੱਚ ਟੀ-20 ਵਿਸ਼ਵ ਕੱਪ 2022 ਦੇ ਪਹਿਲੇ ਹੀ ਮੈਚ ਵਿੱਚ ਪਾਕਿਸਤਾਨ ਖ਼ਿਲਾਫ਼ ਸਿਰਫ਼ 53 ਗੇਂਦਾਂ ਵਿੱਚ 82 ਦੌੜਾਂ ਦੀ ਅਜੇਤੂ ਅਤੇ ਮੈਚ ਜੇਤੂ ਪਾਰੀ ਖੇਡੀ। ਉਸ ਮਹਾਨ ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 159 ਦੌੜਾਂ ਬਣਾਈਆਂ। ਟੀਮ ਲਈ ਇਫਤਿਖਾਰ ਅਹਿਮਦ ਨੇ 34 ਗੇਂਦਾਂ ‘ਚ ਸਭ ਤੋਂ ਵੱਧ 51 ਦੌੜਾਂ ਦਾ ਯੋਗਦਾਨ ਪਾਇਆ ਜਦਕਿ ਸ਼ਾਨ ਮਸੂਦ ਨੇ 42 ਗੇਂਦਾਂ ‘ਚ ਅਜੇਤੂ 52 ਦੌੜਾਂ ਬਣਾਈਆਂ। ਭਾਰਤ ਲਈ ਅਰਸ਼ਦੀਪ ਸਿੰਘ ਅਤੇ ਹਾਰਦਿਕ ਪੰਡਯਾ ਨੇ ਤਿੰਨ-ਤਿੰਨ ਵਿਕਟਾਂ ਲਈਆਂ।
ਕੋਹਲੀ ਨੇ ਪਾਕਿਸਤਾਨ ਦੇ ਜਬਾੜੇ ਤੋਂ ਜਿੱਤ ਖੋਹ ਲਈ
ਪਾਕਿਸਤਾਨ ਤੋਂ ਮਿਲੇ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੇ 31 ਦੌੜਾਂ ਦੇ ਸਕੋਰ ਤੱਕ ਆਪਣੀਆਂ 4 ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਹਾਰਦਿਕ ਪੰਡਯਾ ਨੇ ਮਿਲ ਕੇ 113 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਹਾਰਦਿਕ 40 ਦੌੜਾਂ ਬਣਾ ਕੇ ਆਊਟ ਹੋ ਗਏ। ਪਰ ਕੋਹਲੀ ਅੰਤ ਤੱਕ ਡਟੇ ਰਹੇ। ਭਾਰਤ ਨੂੰ ਆਖਰੀ ਓਵਰ ‘ਚ ਜਿੱਤ ਲਈ 16 ਦੌੜਾਂ ਦੀ ਲੋੜ ਸੀ ਅਤੇ ਕੋਹਲੀ ਨੇ ਅਸ਼ਵਿਨ ਨਾਲ ਮਿਲ ਕੇ ਇਹ ਹਾਸਲ ਕਰ ਲਿਆ।
ਵਿਰਾਟ ਨੇ ਆਪਣੀ ਪਾਰੀ ‘ਚ 6 ਚੌਕੇ ਅਤੇ 4 ਛੱਕੇ ਲਗਾਏ ਅਤੇ 154.72 ਦੀ ਸਟ੍ਰਾਈਕ ਰੇਟ ਨਾਲ ਪਾਕਿਸਤਾਨੀ ਗੇਂਦਬਾਜ਼ਾਂ ਦੀ ਜ਼ਬਰਦਸਤ ਟੱਕਰ ਕੀਤੀ। ਕੋਹਲੀ ਨੇ 19ਵੇਂ ਓਵਰ ਦੀ 5ਵੀਂ ਗੇਂਦ ‘ਤੇ ਹੈਰਿਸ ਰਾਊਫ ਨੂੰ ਸਿੱਧਾ ਛੱਕਾ ਲਗਾਇਆ। ਇਸ ਨੂੰ ‘ਸ਼ਾਟ ਆਫ ਦਾ ਟੂਰਨਾਮੈਂਟ’ ਦਾ ਨਾਂ ਦਿੱਤਾ ਗਿਆ। ਵਿਰਾਟ ਨੂੰ ਇਸ ਖਾਸ ਯਾਦਗਾਰ ਪਾਰੀ ਲਈ ਪਲੇਅਰ ਆਫ ਦ ਮੈਚ ਦਾ ਐਵਾਰਡ ਮਿਲਿਆ।