Site icon TV Punjab | Punjabi News Channel

ਜਦੋਂ ਜਹਾਜ਼ ’ਚ ਹੀ ਭਾਸ਼ਣ ਦੇਣ ਲੱਗੇ ਪੌਲੀਐਵ

ਜਦੋਂ ਜਹਾਜ਼ ’ਚ ਹੀ ਭਾਸ਼ਣ ਦੇਣ ਲੱਗੇ ਪੌਲੀਐਵ

Calgary- ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਵਲੋਂ ਜਹਾਜ਼ ’ਚ ਸਵਾਰੀਆਂ ਨੂੰ ਸੰਬੋਧਨ ਕਰਨ ਵਾਲੇ ਸਿਸਟਮ ‘ਤੇ ਬੋਲਣ ਮਗੋਂ ਵੈਸਟਜੈੱਟ ਦੇ ਕੈਬਿਨ ਕਰੂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਏਅਰਲਾਈਨ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ। ਇਸ ਸੰਬੰਧ ’ਚ ਸੋਸ਼ਲ ਮੀਡੀਆ ’ਤੇ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ’ਚ ਕਿਊਬੈਕ ਸਿਟੀ ਵਿਖੇ ਕੰਜ਼ਰਵੇਟਿਵ ਪਾਰਟੀ ਦੀ ਕਨਵੈਂਸ਼ਨ ਤੋਂ ਬਾਅਦ ਐਤਵਾਰ ਰਾਤੀਂ ਕੈਲਗਰੀ ਜਾਣ ਵਾਲੀ ਫ਼ਲਾਈਟ ਵਿਚ ਪੌਲੀਐਵ ਜਹਾਜ਼ ਦੇ PA ਸਿਸਟਮ (public address system) ‘ਤੇ ਬੋਲਦੇ ਦੇਖੇ ਗਏ।
ਪੌਲੀਐਵ ਦਾ ਚੋਣ ਮੁਹਿੰਮ ਦੇ ਸਟਾਈਲ ਦਾ ਭਾਸ਼ਣ ਕਰੀਬ 45 ਸੈਕੰਡ ਚੱਲਦਾ ਹੈ, ਜਿਸ ਮਗਰੋਂ ਸਵਾਰੀਆਂ ਦਾ ਹਾਸਾ ਅਤੇ ਉਤਸ਼ਾਹ ਵੀ ਸੁਣਿਆ ਜਾ ਸਕਦਾ ਹੈ।
ਇਸ ਪੂਰੇ ਮਾਮਲੇ ਦੇ ਸੁਰਖ਼ੀਆਂ ’ਚ ਆਉਣ ਮਗਰੋਂ ਸੀ. ਯੂ. ਪੀ. ਈ. ਅਲਬਰਟਾ ਦੀ ਸਥਾਨਕ ਪ੍ਰੈਜ਼ੀਡੈਂਟ ਆਲੀਆ ਹੁਸੈਨ ਨੇ ਕਿਹਾ ਕਿ ਇਹ ਬਹੁਤ ਨਿਰਾਸ਼ਾਜਨਕ ਹੈ ਕਿ ਏਅਰਲਾਈਨ ਨੇ ਇੱਕ ਸਿਆਸਤਦਾਨ ਨੂੰ P1 ਸਿਸਟਮ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ। ਸੋਸ਼ਲ ਮੀਡੀਆ ਪਲੇਟਫ਼ਾਰਮ X ‘ਤੇ ਲਿਖੀ ਪੋਸਟ ’ਚ ਆਲੀਆ ਨੇ ਕਿਹਾ ਕਿ ਕੈਬਿਨ ਕਰੂ ਕੋਲ ਪੌਲੀਐਵ ਨੂੰ ਬੋਲਣ ਦੀ ਆਗਿਆ ਦੇਣ ਦੇ ਫੈਸਲੇ ’ਚ ਕੋਈ ਇਨਪੁਟ ਨਹੀਂ ਸੀ ਅਤੇ ਏਅਰਲਾਈਨ ਦੇ ਨਿਯਮ ਕਹਿੰਦੇ ਹਨ ਕਿ ਸਿਰਫ਼ ਚਾਲਕ ਦਲ ਦੇ ਮੈਂਬਰ ਹੀ ਇਸ ਸਿਸਟਮ ਦੀ ਵਰਤੋਂ ਕਰ ਸਕਦੇ ਹਨ। ਆਲੀਆ ਨੇ ਫ਼ਲਾਈਟ ਦੇ ਕਰੂ ਮੈਂਬਰਾਂ ਨੂੰ ਦੋਸ਼ੀ ਠਹਿਰਾਉਣ ‘ਤੇ ਵੈਸਟਜੈੱਟ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ ਅਤੇ ਉਹ ਕਹਿੰਦੀ ਹੈ ਕਿ ਏਅਰਲਾਈਨ ਅਤੇ ਪੌਲੀਐਵ ਦੋਵਾਂ ਦਾ ਹੀ ਫ਼ੈਸਲਾ ਗ਼ਲਤ ਸੀ।
ਉੱਧਰ ਵੈਸਟਜੈਟ ਦੇ ਸੀ. ਈ. ਓ. ਅਲੈਕਸਿਸ ਵੌਨ ਹੋਏਨਜ਼ਬਰੋਸ਼ ਨੇ ਕਿਹਾ ਕਿ ਇਹ ਉਡਾਣ ਖ਼ਾਸ ਤੌਰ ’ਤੇ ਕੰਜ਼ਰਵੇਟਿਵ ਪਾਰਟੀ ਦੇ ਇਜਲਾਸ ਲਈ ਵਧੀ ਮੰਗ ਦੇ ਮੱਦੇਨਜ਼ਰ ਮਦਦ ਲਈ ਸ਼ਾਮਲ ਕੀਤੀ ਗਈ ਸੀ ਅਤੇ ਇਸ ਕਰਕੇ ਮੁੱਖ ਤੌਰ ‘ਤੇ ਫ਼ਲਾਈਟ ਕੰਜ਼ਰਵੇਟਿਵ ਡੈਲੀਗੇਟਾਂ ਨਾਲ ਭਰੀ ਹੋਈ ਸੀ। ਪਰ ਫਿਰ ਵੀ, ਉਨ੍ਹਾਂ ਕਿਹਾ ਕਿ ਉਹ ਨੀਤੀ ’ਤੇ ਮੁੜ ਵਿਚਾਰ ਕਰਨਗੇ।

 

Exit mobile version