ਡੈਸਕ- ਪੰਜਾਬ ਵਿੱਚ ਅਜੇ ਠੰਢ ਤੋਂ ਰਾਹਤ ਨਹੀਂ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਲਈ ਇੱਕ ਵਾਰ ਫਿਰ ਯੈਲੋ ਕੋਲਡ ਅਲਰਟ ਜਾਰੀ ਕੀਤਾ ਹੈ। ਹਿਮਾਚਲ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਉੱਤਰਾਖੰਡ ‘ਚ ਬਰਫਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ‘ਚ ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਆਵੇਗੀ।
ਪਹਾੜਾਂ ਵਿੱਚ ਹੋਈ ਬਰਫ਼ਬਾਰੀ ਕਾਰਨ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 1.7 ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਪਿਛਲੇ ਮਹੀਨੇ ਰਾਤ ਦਾ ਤਾਪਮਾਨ ਜੋ 8 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਜਾ ਰਿਹਾ ਸੀ, ਹੁਣ 5 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਜਾ ਰਿਹਾ ਹੈ। ਦਿਨ ਵੇਲੇ ਚੰਗੀ ਧੁੱਪ ਹੈ, ਪਰ ਰਾਤਾਂ ਠੰਢੀਆਂ ਹੋ ਰਹੀਆਂ ਹਨ। ਹਰਿਆਣਾ ਵਿਚ ਘੱਟੋ-ਘੱਟ ਤਾਪਮਾਨ ਫਿਲਹਾਲ ਆਮ ਦੇ ਨੇੜੇ ਹੈ, ਪਰ ਆਉਣ ਵਾਲੇ ਦਿਨਾਂ ਵਿਚ ਇਸ ਵਿਚ ਗਿਰਾਵਟ ਆਵੇਗੀ। ਇੱਥੇ ਵੀ ਬਰਫਬਾਰੀ ਕਾਰਨ ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਤਾਪਮਾਨ ਨੂੰ ਹੇਠਾਂ ਲਿਆਵੇਗੀ। ਚੰਡੀਗੜ੍ਹ ਵਿੱਚ ਵੀ ਅਜਿਹੀ ਹੀ ਸਥਿਤੀ ਹੈ।
ਹਿਮਾਚਲ ‘ਚ ਪਿਛਲੇ ਕੁਝ ਦਿਨਾਂ ਤੋਂ ਹੋਈ ਬਰਫਬਾਰੀ ਅਤੇ ਬਾਰਿਸ਼ ਕਾਰਨ ਹਾਲਾਤ ਵਿਗੜ ਗਏ ਸਨ। ਹੁਣ ਮੌਸਮ ਖੁੱਲ੍ਹਿਆ ਹੈ। ਮੌਸਮ ਵਿਭਾਗ ਮੁਤਾਬਕ ਹਿਮਾਚਲ ਵਿੱਚ 12 ਫਰਵਰੀ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਚੰਗੀ ਧੁੱਪ ਰਹੇਗੀ, ਪਰ ਤਾਪਮਾਨ ‘ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਇਹੀ ਕਾਰਨ ਹੈ ਕਿ ਠੰਢ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਉਥੇ ਹੀ ਚੰਡੀਗੜ੍ਹ ਵਿੱਚ ਅਸਮਾਨ ਸਾਫ ਰਹੇਗਾ, ਜਦਕਿ ਘੱਟੋ-ਘੱਟ ਪਾਰੇ ਵਿੱਚ ਗਿਰਾਵਟ ਆਏਗੀ। ਪਾਰਾ 6 ਤੋਂ 1 ਡਿਗਰੀ ਵਿਚਾਲੇ ਰਹਿ ਸਕਦਾ ਹੈ। ਉਥੇ ਹੀ ਪੰਜਾਬ ਦੇ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ, ਵਿੱਚ ਵੀ ਮੌਸਮ ਸਾਫ ਰਹੇਗਾ, ਜਦਕਿ ਪਾਰਾ 5 ਤੋਂ 19 ਡਿਗਰੀ ਵਿਚਕਾਰ ਰਹਿ ਸਕਦਾ ਹੈ। ਹਾਲਾਂਕਿ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਹੋਵੇਗੀ।