Vancouver – ਕੈਨੇਡਾ ਦੀ ਆਰਥਿਕਤਾ ‘ਚ ਪਹਿਲਾਂ ਦੇ ਮੁਕਾਬਲੇ ਹੁਣ ਸੁਧਾਰ ਹੁੰਦਾ ਦਿਖਾਈ ਦੇ ਰਿਹਾ ਹੈ। ਹੁਣ ਜੋ ਤਾਜ਼ਾ ਅੰਕੜੇ ਸਾਹਮਣੇ ਆਏ ਉਸ ‘ਚ ਆਰਥਿਕਤਾ ਬਿਹਤਰ ਹੁੰਦੀ ਦੇਖੀ ਹੈ ਸਕਦੀ ਹੈ। ਦਰਅਸਲ
ਸਟੈਟਿਸਟਿਕਸ ਕੈਨੇਡਾ ਵੱਲੋਂ ਜੀਡੀਪੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਨਵੇਂ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਕੈਨੇਡਾ ‘ਚ ਅਕਤੂਬਰ ਮਹੀਨੇ ਘਰੇਲੂ ਉਤਪਾਦ (ਜੀਡੀਪੀ) ਵਿਚ 0.8 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ ਵਾਧਾ ਜ਼ਿਆਦਾਤਰ ਸੈਕਟਰਾਂ ਵਿਚ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਮੈਨੂਫ਼ੈਕਚਰਿੰਗ ਸੈਕਟਰ ‘ਚ 1.8 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾ ਨਿਰਮਾਣ ਖੇਤਰ ਵਿਚ ਸਤੰਬਰ ਮਹੀਨੇ ਆਰਥਿਕ ਗਤੀਵਿਧੀ ਹੇਠਾਂ ਆਈ ਸੀ।
ਇਸ ਤੋਂ ਇਲਾਵਾ ਜੋ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਨੇ ਸਾਂਝੀ ਕੀਤੀ ਉਸ ਮੁਤਾਬਿਕ ਅਕਤੂਬਰ ਵਿਚ ਰਿਟੇਲ ਵਪਾਰ ਵਿਚ ਵਾਧੇ, ਕੰਸਟਰੱਕਸ਼ਨ ਅਤੇ ਘਰਾਂ ਦੀ ਰੀਸੇਲ ਗਤੀਵਿਧੀਆਂ ਵਿਚ ਤੇਜ਼ੀ ਨੇ ਵੀ ਜੀਡੀਪੀ ਨੂੰ ਹੁਲਾਰਾ ਦਿੱਤਾ ਹੈ।ਸਟੈਟਿਸਟਿਕਸ ਕੈਨੇਡਾ ਅਨੁਸਾਰ ਅਕਤੂਬਰ ਵਿਚ ਆਰਥਿਕ ਗਤੀਵਿਧੀ, ਕੋਰੋਨਾ ਤੋਂ ਪਹਿਲਾਂ ਦੇ ਫ਼ਰਵਰੀ 2020 ਦੇ ਪੱਧਰ ਦੀ ਤੁਲਨਾ ਵਿਚ 0.4 ਫ਼ੀਸਦੀ ਘੱਟ ਰਹੀ।
ਏਜੰਸੀ ਦੇ ਨਵੰਬਰ ਦੇ ਸ਼ੁਰੂਆਤੀ ਅਨੁਮਾਨਾਂ ਵਿਚ ਜੀਡੀਪੀ ਦੇ 0.3 ਫ਼ੀਸਦੀ ਵਾਧੇ ਦਾ ਅਨੁਮਾਨ ਹੈ। ਇਸ ਹਿਸਾਬ ਨਾਲ ਆਰਥਿਕਤਾ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਮਹਾਮਾਰੀ ਤੋਂ ਪਹਿਲਾਂ ਵਾਲੇ ਪੱਧਰ ਅਤੇ ਮੌਜੂਦਾ ਪੱਧਰ ਦਰਮਿਆਨ ਗੈਪ ਹੁਣ ਘਟ ਹੋ ਰਿਹਾ ਹੈ। ਨਵੰਬਰ ਦੇ ਸ਼ੁਰੂਆਤੀ ਅੰਦਾਜੇ ਮੁਤਾਬਕ ਨਵੰਬਰ ਵਿਚ ਆਰਥਿਕ ਗਤੀਵਿਧੀ, ਮਹਾਮਰੀ ਤੋਂ ਪਹਿਲਾਂ ਦੇ ਫ਼ਰਵਰੀ 2020 ਦੇ ਪੱਧਰ ਦੇ ਮੁਕਾਬਲੇ ਸਿਰਫ਼ 0.1 ਫ਼ੀਸਦੀ ਘੱਟ ਹੋ ਸਕਦੀ ਹੈ।