Site icon TV Punjab | Punjabi News Channel

ਹਰਿਆਣਾ ਕਾਂਗਰਸ ‘ਚ ਕੋਈ ਵਿਵਾਦ ਨਹੀਂ, ਸਭ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਅਧਿਕਾਰ : ਹੁੱਡਾ

ਚੰਡੀਗੜ੍ਹ : ਪੰਜਾਬ ਅਤੇ ਰਾਜਸਥਾਨ ਦੀ ਤਰ੍ਹਾਂ, ਹਰਿਆਣਾ ਕਾਂਗਰਸ ਵਿਚ ਵੀ ਲਗਾਤਾਰ ਵਿਵਾਦਾਂ ਦੀਆਂ ਖਬਰਾਂ ਆ ਰਹੀਆਂ ਹਨ। ਇਸ ਸਭ ਦੇ ਵਿਚਾਲੇ, ਹਰਿਆਣਾ ਦੇ ਕਾਂਗਰਸੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੱਡਾ ਬਿਆਨ ਦਿੱਤਾ ਹੈ। ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਹਰਿਆਣਾ ਕਾਂਗਰਸ ਵਿਚ ਕੋਈ ਵਿਵਾਦ ਨਹੀਂ ਹੈ। ਸਾਰੇ ਵਿਧਾਇਕਾਂ ਨੂੰ ਆਪਣੇ ਵਿਚਾਰ ਜ਼ਾਹਰ ਕਰਨ ਦਾ ਪੂਰਾ ਅਧਿਕਾਰ ਹੈ।

ਤੁਹਾਨੂੰ ਦੱਸ ਦੇਈਏ ਕਿ ਅਜਿਹੀਆਂ ਖਬਰਾਂ ਆਈਆਂ ਸਨ ਕਿ ਭੁਪਿੰਦਰ ਸਿੰਘ ਹੁੱਡਾ ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਤੋਂ ਨਾਰਾਜ਼ ਹਨ। ਇਸ ਤੋਂ ਪਹਿਲਾਂ ਹਰਿਆਣਾ ਕਾਂਗਰਸ ਦੇ 19 ਵਿਧਾਇਕਾਂ ਨੇ ਇੰਚਾਰਜ ਵਿਵੇਕ ਬਾਂਸਲ ਨਾਲ ਮੁਲਾਕਾਤ ਕੀਤੀ ਸੀ। ਸੂਤਰਾਂ ਅਨੁਸਾਰ ਵਿਧਾਇਕਾਂ ਨੇ ਇਕ ਵਾਰ ਫਿਰ ਹੁੱਡਾ ਨੂੰ ਸੂਬਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਸੀ। ਇਹ ਸਾਰੇ ਵਿਧਾਇਕ ਭੁਪਿੰਦਰ ਸਿੰਘ ਹੁੱਡਾ ਲਈ ਵਿਸ਼ੇਸ਼ ਮੰਨੇ ਜਾਂਦੇ ਹਨ।

ਇਕ ਇੰਗਲਿਸ਼ ਵੈਬਸਾਈਟ ‘ਤੇ ਪ੍ਰਕਾਸ਼ਤ ਇਕ ਖ਼ਬਰ ਅਨੁਸਾਰ ਇੰਚਾਰਜ ਨੂੰ ਮਿਲੇ ਬਹੁਤੇ ਵਿਧਾਇਕਾਂ ਨੇ ਕਿਹਾ ਕਿ ਜੇ ਕਾਂਗਰਸ ਨੇ ਹਰਿਆਣਾ ਵਿਚ ਸੱਤਾ ‘ਚ ਆਉਣਾ ਹੈ ਤਾਂ ਇਸ ਨੂੰ ਇਕ ਮਜ਼ਬੂਤ ​​ਨੇਤਾ ਚਾਹੀਦਾ ਹੈ ਅਤੇ ਉਹ ਆਗੂ ਭੁਪਿੰਦਰ ਸਿੰਘ ਹੁੱਡਾ ਹਨ। ਹਾਲਾਂਕਿ, ਕਾਂਗਰਸ ਲੀਡਰਸ਼ਿਪ ਨੇ ਇਸ ਨੂੰ ਮਹਿਜ਼ ਅਫਵਾਹਾਂ ਕਰਾਰ ਦਿੱਤਾ। ਦੂਜੇ ਪਾਸੇ ਹਾਈ ਕਮਾਨ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਕੁਮਾਰੀ ਸ਼ੈਲਜਾ ਆਪਣਾ ਕਾਰਜਕਾਲ ਪੂਰਾ ਕਰੇਗੀ।

ਹਾਈ ਕਮਾਨ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਹਰਿਆਣਾ ਵਿਚ ਕਿਸੇ ਤਬਦੀਲੀ ਲਈ ਤਿਆਰ ਨਹੀਂ ਹੈ। ਹਰਿਆਣਾ ਵਿਚ 2024 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਮਹਿੰਗਾਈ ਬਾਰੇ ਹੁੱਡਾ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੇ ਸਸਤੇ ਹੋਣ ਦੇ ਬਾਵਜੂਦ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਸਰਕਾਰ ਨੇ ਇਸ ਨੂੰ ਕਮਾਈ ਦਾ ਸਾਧਨ ਬਣਾਇਆ ਹੈ। ਮਹਿੰਗਾਈ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ, ਜੋ ਕਿ ਗਰੀਬ ਤੇ ਮੱਧ ਵਰਗ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਹੀ ਹੈ।

ਟੀਵੀ ਪੰਜਾਬ ਬਿਊਰੋ

Exit mobile version