ਪਿੰਡ ਭਕਨਾ ‘ਚ ਹੋ ਸਕਦੈ ਹਥਿਆਰਾਂ ਦਾ ਜ਼ਖੀਰਾ, ਹੋਰ ਗੈਂਗਸਟਰਾਂ ਦੇ ਵੀ ਮਿਲੇ ਫਿੰਗਰ ਪ੍ਰਿੰਟ

ਅੰਮ੍ਰਿਤਸਰ- ਭਕਨਾ ਪਿੰਡ ਮੁਕਾਬਲੇ ’ਚ ਪਿਛਲੇ 14 ਘੰਟਿਆਂ ਤੋਂ ਚੱਲ ਰਹੀ ਜਾਂਚ ’ਚ ਪੁਲਿਸ ਟੀਮ ਨੂੰ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ। ਫੋਰੈਂਸਿਕ ਟੀਮ ਦਾ ਦਾਅਵਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਹਵੇਲੀ ਦੇ ਅੰਦਰ ਅੱਠ ਤੋਂ ਦਸ ਲੋਕ ਮੌਜੂਦ ਸਨ। ਕਿਉਂਕਿ ਹਵੇਲੀ ਦੇ ਅੰਦਰ ਮਿਲੇ ਫਿੰਗਰ ਪ੍ਰਿੰਟ ਇਸ ਗੱਲ ਦੀ ਗਵਾਹੀ ਦੇ ਰਹੇ ਹਨ। ਹੁਣ ਪੁਲਿਸ ਭਕਨਾ ਪਿੰਡ ਤੇ ਆਸਪਾਸ ਦੇ ਇਲਾਕੇ ’ਚ ਰਹਿੰਦੇ ਇਕ ਦਰਜਨ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖ ਰਹੀ ਹੈ।

ਦੱਸਣਯੋਗ ਹੈ ਕਿ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮੰਨੂ ਦੇ ਮੁਕਾਬਲੇ ਸਮੇਂ ਪਿੰਡ ਦੇ ਲੋਕਾਂ ਨੇ ਕੋਰੋਲਾ ਕਾਰ ਤੇ ਥਾਰ ਹਵੇਲੀ ਦੇ ਕੋਲ ਦੇਖੇ ਜਾਣ ਦੀ ਗੱਲ ਕਹੀ ਸੀ। ਮੁਕਾਬਲੇ ਤੋਂ ਬਾਅਦ ਜਦੋਂ ਪੁਲਿਸ ਨੇ ਦੂਜੇ ਪਡ਼ਾਅ ’ਚ ਹਵੇਲੀ ਦੀ ਤਲਾਸ਼ੀ ਲਈ ਤਾਂ ਇਕ ਹੋਰ ਪਿਸਤੌਲ ਬਰਾਮਦ ਹੋਇਆ। ਪੁਲਿਸ ਨੂੰ ਸ਼ੱਕ ਹੈ ਕਿ ਪਾਕਿਸਤਾਨ ਤੋਂ ਆਈ ਹਥਿਆਰਾਂ ਦੀ ਵੱਡੀ ਖੇਪ ਹਵੇਲੀ ਨੇਡ਼ੇ ਕਿਸੇ ਇਲਾਕੇ ਵਿਚ ਪਈ ਹੈ। ਇਲਾਕੇ ’ਚ ਪੁਲਿਸ ਦੀ ਤਲਾਸ਼ੀ ਮੁਹਿੰਮ ਜਾਰੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਨੇਡ਼ਲੇ ਘਰਾਂ ਦੀ ਵੀ ਤਲਾਸ਼ੀ ਲਈ ਗਈ ਹੈ, ਪਰ ਸਫਲਤਾ ਨਹੀਂ ਮਿਲੀ। ਫੋਰੈਂਸਿਕ ਟੀਮ ਦੇ ਮੈਂਬਰਾਂ ਨੂੰ ਦੂਜੇ ਪਡ਼ਾਅ ਦੀ ਜਾਂਚ ਵਿਚ ਕਈ ਅਹਿਮ ਸੁਰਾਗ ਮਿਲੇ ਹਨ। ਟੀਮ ਵੀਰਵਾਰ ਤਡ਼ਕੇ 4 ਵਜੇ ਪੁਲਿਸ ਅਧਿਕਾਰੀਆਂ ਨਾਲ ਹਵੇਲੀ ਪਹੁੰਚੀ ਤੇ ਤਡ਼ਕੇ 4.30 ਵਜੇ ਜਾਂਚ ਪੂਰੀ ਕਰ ਕੇ ਵਾਪਸ ਪਰਤ ਗਈ।

ਮੁਕਾਬਲੇ ਦੇ ਦੂਜੇ ਦਿਨ ਵੀਰਵਾਰ ਨੂੰ ਮੌਕਾ-ਏ-ਵਾਰਦਾਤ (ਹਵੇਲੀ) ਤਕ ਕਿਸੇ ਵੀ ਵਿਅਕਤੀ ਨੂੰ ਨਹੀਂ ਜਾਣ ਦਿੱਤਾ ਗਿਆ। ਹਵੇਲੀ ਤੇ ਇਸ ਨੂੰ ਜਾਣ ਵਾਲੇ ਚਾਰੇ ਰਸਤਿਆਂ ’ਤੇ ਪੁਲਿਸ ਨੇ ਭਾਰੀ ਪਹਿਰਾ ਲਾਇਆ ਹੋਇਆ ਹੈ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ ਨਿਆਇਕ ਅਧਿਕਾਰੀ ਜਦ ਤਕ ਜਾਂਚ ਨਹੀਂ ਕਰ ਲੈਂਦੇ ਉਦੋਂ ਤਕ ਉਕਤ ਹਵੇਲੀ ਤੇ ਆਸਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।