ਮੰਤਰਾਂ ਦੇ ਜਾਪ, ਹਰ ਹਰ ਮਹਾਦੇਵ, ਕੁਰਆਨ ਦੀਆਂ ਆਇਤਾਂ ਅਤੇ ਗੁਰਬਾਣੀ ਨਾਲ ਹੋਈ ‘ਕਿਸਾਨ ਨਿਆਂ ਰੈਲੀ’ ਦੀ ਸ਼ੁਰੂਆਤ

ਵਾਰਾਣਸੀ : ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਖ਼ਤ ਟੱਕਰ ਦੇਣ ਦੀ ਕੋਸ਼ਿਸ਼ ਕਰਦਿਆਂ ਕਾਂਗਰਸ ਨੇ ਵਾਰਾਨਸੀ ਵਿਚ ਐਤਵਾਰ ਨੂੰ ‘ਕਿਸਾਨ ਨਿਆਂ ਰੈਲੀ’ ਕੀਤੀ। ਇਸ ਰੈਲੀ ਦੀ ਸ਼ੁਰੂਆਤ ਮੰਤਰਾਂ ਦੇ ਜਾਪ, ਹਰ ਹਰ ਮਹਾਦੇਵ, ਕੁਰਆਨ ਦੀਆਂ ਆਇਤਾਂ ਅਤੇ ਗੁਰਬਾਣੀ ਨਾਲ ਹੋਈ।

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਲਖੀਮਪੁਰ ਖੇੜੀ ਹਿੰਸਾ ਤੋਂ ਬਾਅਦ ਪੂਰਵਾਂਚਲ ਵਿਚ ਕਾਂਗਰਸ ਦੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਇਥੇ ਬਾਬਾ ਵਿਸ਼ਵਨਾਥ ਮੰਦਰ ਅਤੇ ਮਾਂ ਦੁਰਗਾ ਮੰਦਰ ਵਿਚ ਮੱਥਾ ਟੇਕਿਆ।

ਰੈਲੀ ਦੇ ਸਥਾਨ ‘ਤੇ ਪ੍ਰਿਅੰਕਾ ਗਾਂਧੀ ਦੇ ਪਹੁੰਚਣ ਤੋਂ ਬਾਅਦ, ਜਦੋਂ ਪ੍ਰੋਗਰਾਮ ਰਸਮੀ ਤੌਰ ‘ਤੇ ਸ਼ੁਰੂ ਹੋਇਆ ਤਾਂ ਪਹਿਲਾਂ ਮੰਤਰਾਂ ਦੇ ਜਾਪ ਕੀਤੇ ਗਏ, ਇਸ ਤੋਂ ਬਾਅਦ ਪ੍ਰਿਅੰਕਾ ਸਮੇਤ ਸਟੇਜ ‘ਤੇ ਮੌਜੂਦ ਕਾਂਗਰਸੀ ਨੇਤਾਵਾਂ ਨੇ ਹਰ ਹਰ ਮਹਾਦੇਵ ਦੇ ਨਾਅਰੇ ਲਗਾਏ।

ਇਸ ਤੋਂ ਬਾਅਦ ਇਸ ਪਬਲਿਕ ਮੀਟਿੰਗ ਵਿਚ ਕੁਰਆਨ ਦੀਆਂ ਆਇਤਾਂ ਅਤੇ ਗੁਰਬਾਣੀ ਦਾ ਪਾਠ ਵੀ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਰਾਸ਼ਟਰੀ ਸਕੱਤਰ ਪ੍ਰਣਵ ਝਾਅ ਨੇ ਕਿਹਾ ਕਿ ਕਾਂਗਰਸ ਦੇਸ਼ ਦੀ ਇਕਲੌਤੀ ਪਾਰਟੀ ਹੈ ਜੋ ਸਾਰੇ ਧਰਮਾਂ ਅਤੇ ਵਰਗਾਂ ਦੀ ਨੁਮਾਇੰਦਗੀ ਕਰਦੀ ਹੈ।

ਇਹੀ ਇਥੇ ਵੇਖਿਆ ਗਿਆ ਹੈ। ਕਾਂਗਰਸ ਦੀ ਇਸ ਰੈਲੀ ਵਿਚ ਸ਼ਾਮਲ ਕਈ ਨੇਤਾਵਾਂ, ਜਿਨ੍ਹਾਂ ਵਿਚ ਸਾਬਕਾ ਮੰਤਰੀ ਅਜੈ ਰਾਏ ਵੀ ਸ਼ਾਮਲ ਹਨ, ਜਿਨ੍ਹਾਂ ਨੇ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਲੋਕ ਸਭਾ ਚੋਣ ਲੜੀ ਸੀ ਨੇ ਆਪਣੇ ਭਾਸ਼ਣ ਦਾ ਅੰਤ ਹਰ ਹਰ ਮਹਾਦੇਵ ਦੇ ਨਾਅਰੇ ਨਾਲ ਕੀਤਾ।

ਇਸ ਰੈਲੀ ‘ਤੇ ਲਖੀਮਪੁਰ ਖੇੜੀ ਘਟਨਾ ਦਾ ਸਪਸ਼ਟ ਪ੍ਰਭਾਵ ਦੇਖਣ ਨੂੰ ਮਿਲਿਆ। ਤਕਰੀਬਨ ਸਾਰੇ ਬੁਲਾਰਿਆਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ। ਇਸ ਰੈਲੀ ਦੇ ਮੁੱਖ ਮੰਚ ਦੇ ਸਾਹਮਣੇ ਅਜੈ ਕੁਮਾਰ ਮਿਸ਼ਰਾ ਨੂੰ ਬਰਖਾਸਤ ਕਰਨ ਦੀ ਮੰਗ ਵਾਲਾ ਇਕ ਵੱਡਾ ਬੈਨਰ ਲਗਾਇਆ ਹੋਇਆ ਸੀ।

ਲਖੀਮਪੁਰ ਖੇੜੀ ਹਿੰਸਾ ਮਾਮਲੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਪ੍ਰਿਯੰਕਾ ਦੀ ਉੱਤਰ ਪ੍ਰਦੇਸ਼ ਵਿਚ ਇਹ ਪਹਿਲੀ ਜਨਤਕ ਮੀਟਿੰਗ ਸੀ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਲਖੀਮਪੁਰ ਕਾਂਡ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲੇ ਸਨ।

ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਜੱਦੀ ਪਿੰਡ ਦੇ ਦੌਰੇ ਮੌਕੇ 3 ਅਕਤੂਬਰ ਨੂੰ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਤਿਕੋਨੀਆ ਖੇਤਰ ਵਿਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ।

ਇਸ ਮਾਮਲੇ ‘ਚ ਮਿਸ਼ਰਾ ਦੇ ਬੇਟੇ ਆਸ਼ੀਸ਼ ਸਮੇਤ ਕਈ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਆਸ਼ੀਸ਼ ਮਿਸ਼ਰਾ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਟੀਵੀ ਪੰਜਾਬ ਬਿਊਰੋ