ਪੰਜਾਬ ‘ਚ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਅੱਜ ਵੀ ਮੀਂਹ ਪੈਣ ਦਾ ਅਲਰਟ

ਡੈਸਕ- ਪੰਜਾਬ ਵਿਚ ਮੌਸਮ ਸੁਹਾਵਣਾ ਹੋ ਗਿਆ ਹੈ। ਦਰਅਸਲ ਪਿਛਲੇ ਕਈ ਦਿਨਾਂ ਤੋਂ ਮੌਸਮ ਵਿੱਚ ਉਤਰਾਅ-ਚੜ੍ਹਾਅ ਚੱਲ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੌਰਾਨ ਪੰਜਾਬ ਵਿਚ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ। ਬੀਤੇ ਦਿਨ ਸੂਬੇ ਦੇ ਕਈ ਇਲਾਕਿਆਂ ਵਿਚ ਮੀਂਹ ਪਿਆ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਬੀਤੇ ਦਿਨ ਤੋਂ ਪਹਿਲਾਂ ਤਾਪਮਾਨ ਦਿਨ-ਬ-ਦਿਨ ਵਧਦਾ ਜਾ ਰਿਹਾ ਸੀ ਜਿਸ ਕਾਰਨ ਆਮ ਲੋਕ ਗਰਮੀ ਤੋਂ ਤੌਬਾ ਕਰਨ ਲੱਗੇ ਸਨ ਪਰ ਅੱਜ ਜਲਧਰ ਦੇ ਨਾਲ-ਨਾਲ ਪੰਜਾਬ ਵਿਚ ਕਈ ਥਾਵਾਂ ‘ਤੇ ਮੀਂਹ ਪਿਆ ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ ਤੇ ਗਰਮੀ ਤੋਂ ਰਾਹਤ ਮਿਲਦੀ ਦਿਖ ਰਹੀ ਹੈ ਪਰ ਕਿਸਾਨ ਕਣਕ ਦੀ ਕਟਾਈ ਦੌਰਾਨ ਖਰਾਬ ਹੋਏ ਮੌਸਮ ਨੂੰ ਲੈ ਕੇ ਚਿੰਤਤ ਹਨ।

ਮੌਸਮ ਵਿਭਾਗ ਨੇ ਕਿਸਾਨਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਕਣਕ ਅਤੇ ਸਰ੍ਹੋਂ ਦੀ ਫ਼ਸਲ ਨੂੰ ਵਾਢੀ ਤੋਂ ਬਾਅਦ ਸੁਰੱਖਿਅਤ ਥਾਵਾਂ ‘ਤੇ ਰੱਖਣ ਲਈ ਕਿਹਾ ਹੈ ਤਾਂ ਜੋ ਮੀਂਹ ਕਾਰਨ ਫ਼ਸਲ ਨੂੰ ਨੁਕਸਾਨ ਨਾ ਹੋਵੇ। ਸਰਕਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਸਮੇਂ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਅਜਿਹੇ ‘ਚ ਮੀਂਹ ਕਾਰਨ ਕਿਸਾਨਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।

ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਤੱਕ ਮੀਂਹ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਜੋ ਕਿ ਗਰਮੀ ਤੋਂ ਰਾਹਤ ਦੇਵੇਗੀ। ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਵਿਚ ਅਗਲੇ 2 ਦਿਨਾਂ ਲਈ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਗਰਮੀ ਤੋਂ ਰਾਹਤ ਦਾ ਇਹ ਸਿਲਸਿਲਾ ਐਤਵਾਰ ਤੱਕ ਜਾਰੀ ਰਹੇਗਾ। 27 ਅਪ੍ਰੈਲ ਲਈ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ ਜਦੋਂ ਕਿ 28 ਅਪ੍ਰੈਲ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਕਾਰਨ 2 ਦਿਨ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।