ਈ.ਡੀ ਦੇ ਘੇਰੇ ‘ਚ ਚਰਨਜੀਤ ਚੰਨੀ , ਕਈ ਘੰਟਿਆ ਕੀਤੀ ਪੁੱਛਗਿੱਛ

ਜਲੰਧਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਈ.ਡੀ ਦੇ ਘੇਰੇ ਵਿੱਚ ਆ ਗਏ ਹਨ । ਰੇਤ ਮਾਫੀਆ ਨਾਲ ਮਿਲੀ ਭੁਗਤ ਅਤੇ ਸਰਕਾਰੀ ਅਫਸਰਾਂ ਦੀ ਬਦਲੀਆਂ ਦੇ ਮਾਮਲੇ ਚ ਪੈਸਾ ਉਗਾਹਣ ਦੇ ਇਲਜ਼ਾਮ ਹੇਠ ਇਨਫੋਰਸਮੈਂਟ ਡਾਈਰੈਕਟੋਰੇਟ ਵਲੋਂ ਸਾਬਕਾ ਮੁੱਖ ਮੰਤਰੀਆਂ ਨਾਲ 13 ਤਰੀਕ ਨੂੰ ਦਿਨ ਭਰ ਚੰਨੀ ਤੋਂ ਪੁੱਛਗਿੱਛ ਕੀਤੀ ਗਈ ।ਜਾਣਕਾਰੀ ਮਿਲੀ ਹੈ ਕਿ ਚੰਨੀ ਅੱਜ ਯਾਨੀ ਕਿ 14 ਤਰੀਕ ਨੂੰ ਵੀ ਜਲੰਧਰ ਈ.ਡੀ ਦਫਤਰ ਵਿਖੇ ਪੇਸ਼ ਹੋ ਸਕਦੇ ਹਨ ।

ਚੰਨੀ ਦੇ ਮੁੱਖ ਮੰਤਰੀ ਬਣਦਿਆਂ ਹੀ ਉਨ੍ਹਾਂ ‘ਤੇ ਰੇਤ ਮਾਫੀਆਂ ਨਾਲ ਸਬੰਧ ਦੇ ਇਲਜ਼ਾਮ ਲੱਗੇ ਸਨ । ਉਨ੍ਹਾਂ ਦੇ ਰਿਸ਼ਤੇਦਾਰ ਭੁਪਿੰਦਰ ਹਨੀ ਪਹਿਲਾਂ ਹੀ ਈ.ਡੀ ਦੀ ਗਿਰਫਤ ਚ ਹਨ । ਵਿਭਾਗ ਵਲੋਂ ਉਨ੍ਹਾਂ ਦੇ ਘਰ ਅਤੇ ਦਫਤਰਾਂ ਚ ਛਾਪੇਮਾਰੀ ਕਰ 10 ਕਰੋੜ ਦੀ ਨਕਦੀ ਅਤੇ ਹੋਰ ਬੇਸ਼ਕਿਮਤੀ ਸਮਾਨ ਬਰਾਮਦ ਕੀਤਾ ਗਿਆ ਸੀ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਈ.ਡੀ ਕੋਲ ਚਰਨਜੀਤ ਚੰਨੀ ਖਿਲਾਫ ਵੀ ਕਈ ਸਬੂਤ ਹਨ ਜਿਨ੍ਹਾਂ ਨੂੰ ਲੈ ਕੇ ਹੀ ਸਾਬਕਾ ਮੁੱਖ ਮੰਤਰੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ ।

ਕੁੱਝ ਦਿਨ ਪਹਿਲਾਂ ਚੰਡੀਗੜ੍ਹ ਦੇ ਕਾਂਗਰਸ ਭਵਨ ਵਿਖੇ ਹੋਏ ਪ੍ਰਦਰਸ਼ਨ ਦੌਰਾਨ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਕਿਹਾ ਸੀ ਕਿ ਕਈ ਨੇਤਾਵਾਂ ਤੋਂ ਪੈਸਾ ਬਰਾਮਦ ਹੋਇਆ ਸੀ ।ਪਾਰਟੀ ਦੇ ਕੁੱਝ ਲੋਕ ਗਲਤ ਕੰਮਾ ਦਾ ਸਾਥ ਦੇ ਰਹੇ ਹਨ । ਸਿੱਧੂ ਵਲੋਂ ਕਾਂਗਰਸੀ ਨੇਤਾਵਾਂ ‘ਤੇ ਸਵਾਲ ਚੁੱਕੇ ਜਾਨ ਤੋਂ ਬਾਅਦ ਹੀ ਵਿਵਾਦ ਹੋ ਗਿਆ ਸੀ । ਜਿਸ ਦੇ ਚਲਦਿਆਂ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਸੀ ।

ਇਸਤੋਂ ਪਹਿਲਾਂ ਚੋਣਾ ਦੌਰਾਨ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਰੇਤ ਮਾਫੀਆ ਨਾਲ ਸਬੰਧਾ ਨੂੰ ਲੈ ਕੇ ਇਲਜ਼ਾਮ ਲਗਾਉਂਦੇ ਰਹੇ ਹਨ । ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਤਾਂ ਸੀ.ਸੀ.ਟੀਵੀ ਫੂਟੇਜ ਜਾਰੀ ਕਰ ਚੰਨੀ ੳਤੇ ਭੁਪਿੰਦਰ ਹਨੀ ਦੀ ਆਪਸੀ ਮਿਲੀਭੁਗਤ ਦੇ ਖੁਲਾਸੇ ਕੀਤੇ ਸਨ ।