ਜ਼ਹਿਰੀਲੀ ਸ਼ਰਾਬ ਪੀਣ ਨਾਲ 24 ਦੀ ਮੌਤ, 4 ਦਰਜਨ ਲੋਕਾਂ ਦੀ ਸਿਹਤ ਵਿਗੜੀ

ਅਹਿਮਦਾਬਾਦ- ਗੁਜਰਾਤ ਵਿੱਚ ਨਕਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 24 ਤਕ ਪਹੁੰਚ ਗਈ ਹੈ। ਬੋਟਾਦ ਦੇ ਬਰਵਾਲਾ ਤੋਂ ਇਲਾਵਾ ਅਹਿਮਦਾਬਾਦ ਦੇ 4 ਲੋਕ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਹਨ। ਬੋਟਾਦ ‘ਚ ਐਤਵਾਰ ਰਾਤ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਰੀਬ 4 ਦਰਜਨ ਲੋਕਾਂ ਦੀ ਸਿਹਤ ਵਿਗੜ ਗਈ, ਜਿਨ੍ਹਾਂ ਨੂੰ ਸੋਮਵਾਰ ਸਵੇਰੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਭਾਵਨਗਰ ਰੇਂਜ ਦੇ ਆਈਜੀ ਅਸ਼ੋਕ ਯਾਦਵ ਨੇ ਘਟਨਾ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ। ਇਸ ਦੀ ਅਗਵਾਈ ਡਿਪਟੀ ਸੁਪਰਡੈਂਟ ਆਫ਼ ਪੁਲਿਸ ਕਰਨਗੇ।

ਵਿਧਾਨ ਸਭਾ ਦੇ ਸਾਹਮਣੇ ਇਸ ਜ਼ਹਿਰੀਲੀ ਸ਼ਰਾਬ ਦੇ ਘਪਲੇ ਕਾਰਨ ਵਿਰੋਧੀ ਧਿਰ ਨੇ ਸੱਤਾਧਾਰੀ ਭਾਜਪਾ ‘ਤੇ ਭ੍ਰਿਸ਼ਟਾਚਾਰ ਦੇ ਸਿੱਧੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਗੁਜਰਾਤ ‘ਚ ਗਾਂਧੀ ਜੀ ਦੀ ਮਨਾਹੀ ਦੇ ਬਾਵਜੂਦ ਹਰ ਪਿੰਡ ‘ਚ ਨਾਜਾਇਜ਼ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ। ਸਿਆਸਤਦਾਨਾਂ ਅਤੇ ਪੁਲਿਸ ਅਫਸਰਾਂ ਦੀ ਮਿਲੀਭੁਗਤ ਨਾਲ ਨਜਾਇਜ਼ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ। ਭਾਵਨਗਰ ਰੇਂਜ ਦੇ ਆਈਜੀ ਅਸ਼ੋਕ ਯਾਦਵ ਨੇ ਜਾਂਚ ਲਈ ਗਾਂਧੀਨਗਰ ਤੋਂ ਐੱਫਐੱਸਐੱਲ ਟੀਮ ਨੂੰ ਵੀ ਬੁਲਾਇਆ ਹੈ, ਐੱਫਐੱਸਐੱਲ ਟੀਮ ਸ਼ਰਾਬ ਦੇ ਸੈਂਪਲ ਲੈ ਕੇ ਉਸ ਵਿੱਚ ਕੈਮੀਕਲ ਦੀ ਜਾਂਚ ਕਰੇਗੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਏਟੀਐਸ ਦੇ ਡੀਆਈਜੀ ਦੀਪੇਨ ਭਦਰਨ ਵੀ ਬਰਵਾਲਾ ਦੇ ਪਿੰਡ ਰੋਜ਼ੀਦ ਪੁੱਜੇ।

ਭਾਵਨਗਰ ਤੋਂ ਬਰਵਾਲਾ ਪਹੁੰਚੇ ਐਸ.ਪੀ ਸੁਨੀਲ ਜੋਸ਼ੀ ਨੇ ਆਪਣੇ ਨਾਲ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਐਂਬੂਲੈਂਸ ਆਦਿ ਵੀ ਲੈ ਕੇ ਬਰਵਾਲਾ ਦੇ ਹਸਪਤਾਲ ਵਿੱਚ ਦਾਖਲ ਬਿਮਾਰ ਲੋਕਾਂ ਨੂੰ ਰਾਤ ਨੂੰ ਹੀ ਭਾਵਨਗਰ ਦੇ ਸਿਵਲ ਹਸਪਤਾਲ ਪਹੁੰਚਾਇਆ।

ਧੰਧੂਕਾ ਦੇ ਵਿਧਾਇਕ ਰਾਜੇਸ਼ ਗੋਹਿਲ ਨੇ ਦਾਅਵਾ ਕੀਤਾ ਹੈ ਕਿ ਅਹਿਮਦਾਬਾਦ ਜ਼ਿਲ੍ਹੇ ਦੀ ਦਮ ਡੁਬਾ ਤਹਿਸੀਲ ਦੇ ਕਈ ਪਿੰਡਾਂ ਵਿੱਚ ਹੁਣ ਤਕ ਇੱਕ ਦਰਜਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਦਰਜਨ ਲੋਕਾਂ ਦੀ ਹਾਲਤ ਖਰਾਬ ਹੈ।

ਦੂਜੇ ਪਾਸੇ ਪੁਲਿਸ ਨੇ ਪਿੰਡ ‘ਚ ਦੇਸੀ ਸ਼ਰਾਬ ਬਣਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਉਥੇ ਹੀ ਬੋਟਾਦ ਨਬੂਈ ਚੌਂਕ ਨੇੜੇ ਇਕ ਘਰ ‘ਚ ਨਾਜਾਇਜ਼ ਦੇਸੀ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੀ ਗੁਜਰਾਤ ਦੌਰੇ ‘ਤੇ ਹਨ ਅਤੇ ਇਸ ਸ਼ਰਾਬ ਕਾਂਡ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਗੁਜਰਾਤ ‘ਚ ਸ਼ਰਾਬ ਦੀ ਮਨਾਹੀ ਹੈ।

ਕਾਂਗਰਸ ਦੇ ਮੁੱਖ ਬੁਲਾਰੇ ਮਨੀਸ਼ ਦੋਸ਼ੀ ਅਤੇ ਬੁਲਾਰੇ ਮਨਹਰ ਪਟੇਲ ਨੇ ਭਾਜਪਾ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਰਕਾਰ ਦੀ ਭ੍ਰਿਸ਼ਟ ਨੀਤੀ ਕਾਰਨ ਸੂਬੇ ਦੇ ਪਿੰਡ-ਪਿੰਡ ਤੋਂ ਗਾਂਧੀਨਗਰ ਤਕ ਭ੍ਰਿਸ਼ਟਾਚਾਰ ਫੈਲ ਗਿਆ ਹੈ।