ਤੇਜ਼ ਬਰਸਾਤ ਨੇ ਕਿਸਾਨਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰਿਆ

ਜਲੰਧਰ : ਬੀਤੀ ਰਾਤ ਪਈ ਤੇਜ਼ ਬਰਸਾਤ ਅਤੇ ਚੱਲੀਆਂ ਤੇਜ਼ ਹਵਾਵਾਂ ਕਰਕੇ ਜਿਥੇ ਝੋਨੇ ਦੀ ਫ਼ਸਲ ਖੇਤਾਂ ਵਿਚ ਵਿਛ ਗਈ ਹੈ ਉਥੇ ਖੁੱਲ੍ਹੇ ਅਸਮਾਨ ਥੱਲੇ ਅਨਾਜ ਮੰਡੀਆਂ ਵਿਚ ਪਈ ਫ਼ਸਲ ਭਿੱਜ ਗਈ ਹੈ।

ਜਿਸ ਕਰਕੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਜਲੰਧਰ ਅਤੇ ਆਸ-ਪਾਸ ਦੇ ਇਲਾਕੇ ਵਿਚ ਭਾਰੀ ਮੀਂਹ ਤੇ ਝੱਖੜ ਨਾਲ ਜਿੱਥੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਬਰਬਾਦ ਹੋ ਗਈ।

ਉੱਥੇ ਗੰਨੇ ਦੀ ਫ਼ਸਲ ਵੀ ਡਿਗ ਪਈ। ਜਿਸ ਕਾਰਨ ਕਿਸਾਨਾਂ ਦੀਆਂ ਆਸਾਂ ਉਮੀਦਾਂ ਵੀ ਪਾਣੀ ਵਿਚ ਡੁੱਬਦੀਆਂ ਨਜ਼ਰ ਆ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸੰਕਟ ਦੀ ਘੜੀ ‘ਚ ਪੰਜਾਬ ਸਰਕਾਰ ਨੂੰ ਪੀੜਤ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਤਾਂ ਜੋ ਕਿਸਾਨਾਂ ਦਾ ਦਰਦ ਕੁਝ ਘੱਟ ਹੋ ਸਕੇ।

ਇਸੇ ਤਰਾਂ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਛਾਉਣੀ ਦੇ ਅਧੀਨ ਅਨਾਜ ਮੰਡੀ ਕੁੱਲਗੜ੍ਹੀ, ਲੋਹਗੜ੍ਹ, ਸ਼ੇਰ ਖਾਂ, ਸਾਂਦੇ ਹਾਸ਼ਮ ਅਤੇ ਮਾਰਕੀਟ ਕਮੇਟੀ ਮੱਲਾਂਵਾਲਾ ਦੇ ਅਧੀਨ ਅਨਾਜ ਮੰਡੀ ਚੰਗਾਲੀ ਕਦੀਮ ਵਿਖੇ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਕੀਤੇ ਝੋਨੇ ਦੀਆਂ ਬੋਰੀਆਂ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਮੀਂਹ ਵਿਚ ਭਿੱਜ ਗਈਆਂ ਹਨ।

ਆੜ੍ਹਤੀਆਂ ਨੇ ਦੱਸਿਆ ਕਿ ਸ਼ੈਲਰ ਨੂੰ ਮੰਡੀਆਂ ਦੀ ਹੋਈ ਪੱਕੀ ਅਲਾਟਮੈਂਟ ਅਤੇ ਲਿਫ਼ਟਿੰਗ ਸਮੇਂ ਸਿਰ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗ ਗਏ ਸਨ ਜੋ ਬੀਤੀ ਰਾਤ ਹੋਈ ਬਾਰਸ਼ ਵਿਚ ਭਿੱਜ ਗਈਆਂ ਹਨ ।

ਖ਼ਰੀਦ ਪ੍ਰਬੰਧਾਂ ਨੂੰ ਲੱਗ ਗਈਆਂ ਬਰੇਕਾਂ 

ਸੰਗਰੂਰ : ਅੱਜ ਤੜਕਸਾਰ ਹੋਈ ਤੇਜ਼ ਬਰਸਾਤ ਕਾਰਨ ਝੋਨੇ ਦੀ ਵਾਢੀ ਅਤੇ ਖ਼ਰੀਦ ਪ੍ਰਬੰਧਾਂ ਵਿਚ ਆਈ ਤੇਜ਼ੀ ਨੂੰ ਇਕਦਮ ਬਰੇਕਾਂ ਲੱਗ ਗਈਆਂ ਹਨ। ਬਰਸਾਤ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ।

ਕਿਸਾਨਾਂ ਵਲੋਂ ਮੰਡੀਆਂ ਵਿਚ ਝੋਨੇ ਦੀਆਂ ਅਣਵਿਕੀਆਂ ਢੇਰੀਆਂ ਨੂੰ ਤਰਪਾਲਾਂ ਨਾਲ ਢੱਕ ਦਿੱਤਾ ਗਿਆ ਹੈ ਪਰ ਮੌਸਮ ਵਿਚ ਇਕਦਮ ਆਈ ਖ਼ਰਾਬੀ ਕਾਰਨ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਲਈ ਚਿੰਤਾ ਖੜ੍ਹੀ ਹੋ ਗਈ ਹੈ।

ਇਸੇ ਤਰਾਂ ਹਲਕਾ ਦਿੜ੍ਹਬਾ ਦੇ ਪਿੰਡਾਂ ਵਿਚ ਬੀਤੀ ਰਾਤ ਤੋਂ ਰੁੱਕ-ਰੁੱਕ ਕੇ ਹੋ ਰਹੀ ਭਾਰੀ ਬਰਸਾਤ ਨੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੀ ਹੈ। ਖੇਤਾਂ ਵਿਚ ਖੜੀਆਂ ਝੋਨੇ ਦੀਆਂ ਪੱਕੀਆਂ ਫ਼ਸਲਾਂ ਵਿਚ ਪਾਣੀ ਭਰ ਗਿਆ ਹੈ ਅਤੇ ਧਰਤੀ ਤੇ ਵਿਛ ਗਈਆਂ ਹਨ।

ਪਿੰਡ ਕੌਹਰੀਆਂ, ਉਭਿਆ, ਰੋਗਲਾ, ਲਾਡਬੰਨਜਾਰਾ ਕਲਾਂ ਆਦਿ ਦੀਆਂ ਅਨਾਜ ਮੰਡੀਆਂ ਵਿਚ ਪਿਆ ਝੋਨਾ ਅਤੇ ਝੋਨੇ ਦੀਆਂ ਭਰੀਆਂ ਹੋਈਆਂ ਬੋਰੀਆਂ ਬਰਸਾਤ ਦੇ ਪਾਣੀ ਵਿਚ ਭਿੱਜ ਗਈਆਂ।

ਗੜੇਮਾਰੀ ਵੀ ਹੋਈ

ਇਲਾਕੇ ਦੇ ਪਿੰਡਾਂ ਸੈਦਪੁਰਾ, ਰਾਏਪੁਰ ਮਾਜਰੀ, ਮੀਰਪੁਰ, ਖੇੜੀ ਨੌਧ ਸਿੰਘ, ਬੌੜ,ਢੋਲੇਵਾਲ, ਹਰਗਣਾਂ ਆਦਿ ਵਿਚ ਲੰਘੀ ਰਾਤ ਗੜੇਮਾਰੀ ਦੇ ਸਮਾਚਾਰ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਰਾਤੀਂ ਕਰੀਬ ਇਕ ਵਜੇ ਦੇ ਲਗਭਗ ਇਨ੍ਹਾਂ ਪਿੰਡਾਂ ‘ਚ ਕਰੀਬ ਦੋ ਮਿੰਟ ਗੜੇਮਾਰੀ ਹੋਈ ਜਿਸ ਨਾਲ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ।

ਫਿਰੋਜ਼ਪੁਰ : ਤੇਜ਼ ਬਰਸਾਤ ਨਾਲ ਤਬਾਹ ਹੋਈ ਫ਼ਸਲ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਬਰਾੜ, ਜਗਦੀਸ਼ ਕੁਮਾਰ ਮੌਜ਼ੇ ਵਾਲਾ ਨੇ ਦੱਸਿਆ ਕਿ ਬੀਤੀ ਰਾਤ ਕੁਦਰਤ ਦੀ ਕਰੋਪੀ ਦੇ ਕਾਰਨ ਇਕ ਵਾਰ ਫਿਰ ਕਿਸਾਨਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ।

ਪੀੜਿਤ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਵਲੋਂ ਕਾਫ਼ੀ ਮਿਹਨਤ ਕਰਨ ਤੋਂ ਬਾਅਦ 1121 ਬਾਸਮਤੀ ਝੋਨੇ ਦੀ ਫ਼ਸਲ ਨੂੰ ਤਿਆਰ ਕੀਤਾ ਗਿਆ ਸੀ ਅਤੇ ਰਾਤ ਨੂੰ ਆਏ ਤੇਜ਼ ਹਨੇਰੀ ਝੱਖੜ ਦੇ ਨਾਲ ਗੜੇਮਾਰੀ ਨੇ ਝੋਨੇ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਨਾਲ ਧਰਤੀ ‘ਤੇ ਵਿਛਾ ਦਿੱਤਾ ਹੈ।

ਵਪਾਰੀ ਵਰਗ ਨੂੰ ਵੀ ਨੁਕਸਾਨ ਉਠਾਉਣਾ ਪਿਆ

ਬੀਤੀ ਰਾਤ ਮਮਦੋਟ ਇਲਾਕੇ ਵਿਚ ਹੋਈ ਅਣਕਿਆਸੀ ਬਾਰਸ਼ ਕਾਰਨ ਕਿਸਾਨਾਂ ਦੇ ਨਾਲ ਨਾਲ ਵਪਾਰੀ ਵਰਗ ਨੂੰ ਵੀ ਨੁਕਸਾਨ ਉਠਾਉਣਾ ਪਿਆ । ਇਸ ਦੌਰਾਨ ਬਾਰਸ਼ ਅਤੇ ਤੇਜ ਹਵਾਵਾਂ ਕਾਰਨ ਜਿੱਥੇ ਬਾਸਮਤੀ, ਕਮਾਦ ਅਤੇ ਪਿਛੇਤੀ ਝੋਨੇ ਦੀ ਫ਼ਸਲ ਧਰਤੀ ‘ਤੇ ਵਿਛ ਗਈ ਉੱਥੇ ਭੱਠਿਆਂ ‘ਤੇ ਮਜ਼ਦੂਰਾਂ ਵਲੋਂ ਬਣਾਈਆਂ ਗਈਆਂ ਕੱਚੀਆਂ ਇੱਟਾਂ ਵੀ ਤਹਿਸ ਨਹਿਸ ਹੋ ਗਈਆਂ ਜਿਸ ਕਾਰਨ ਭੱਠਾ ਮਾਲਕਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।

ਖੇਮਕਰਨ : ਸਰਹੱਦੀ ਖੇਤਰ ‘ਚ ਬੀਤੀ ਰਾਤ ਭਾਰੀ ਮੀਹ ਪੈਣ ‘ਤੇ ਨਾਲ ਹੋਈ ਗੜੇਮਾਰੀ ਨੇ ਕਿਸਾਨਾਂ ਦੀ ਮੰਡੀਆਂ ‘ਚ ਪਈ ਝੋਨੇ ਦੀ ਫ਼ਸਲ ਤੇ ਖੇਤਾਂ ‘ਚ ਖੜੀ ਬਾਸਮਤੀ 1121 ਨੂੰ ਤਬਾਹ ਕਰ ਦਿੱਤਾ ਹੈ। ਇਲਾਕੇ ਦੀਆਂ ਮੰਡੀਆਂ ‘ਚ ਪਿਆ ਝੋਨਾ ਬਰਸਾਤੀ ਪਾਣੀ ਦੀ ਮਾਰ ਹੇਠ ਆ ਕੇ ਖਰਾਬ ਹੋ ਗਿਆ ਹੈ।

ਇਸੇ ਤਰਾਂ  ਬੱਚੀ ਵਿੰਡ ਅਤੇ ਇਸ ਦੇ ਆਸ-ਪਾਸ ਦੇ ਖੇਤਰ ਵਿਚ ਬਾਸਮਤੀ ਦੀ 1121 ਕਿਸਮ ਦੀ ਫ਼ਸਲ ਪੂਰੀ ਤਰਾਂ ਵਿਛ ਗਈ। ਕਿਸਾਨਾਂ ਨੇ ਦੱਸਿਆ ਕਿ ਇਸ ਬੇਮੌਸਮੀ ਬਾਰਸ਼ ਨਾਲ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋਣ ਦੀ ਆਸ਼ੰਕਾ ਹੈ। ਜੋ ਥੋੜੀ-ਬਹੁਤ ਫ਼ਸਲ ਬਚੇਗੀ ਉਸ ਦੀ ਗੁਣਵੱਤਾ ਖ਼ਰਾਬ ਹੋ ਜਾਵੇਗੀ।

ਟੀਵੀ ਪੰਜਾਬ ਬਿਊਰੋ