ਦੀਪਕ ਟੀਨੂੰ ਦੀ ਫਰਾਰੀ ‘ਚ ਸ਼ਾਮਿਲ ਤਿੰਨ ਮਦਦਗਾਰ ਕਾਬੂ, ਸਕੌਡਾ ਕਾਰ ਵੀ ਹੋਈ ਬਰਾਮਦ

ਚੰਡੀਗੜ੍ਹ : ਗੈਂਗਸਟਰ ਦੀਪਕ ਟੀਨੂੰ ਦੀ ਪੁਲਿਸ ਹਿਰਾਸਤ ਵਿਚੋ ਭੱਜਣ ਲਈ ਮਦਦ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਵਾਰਦਾਤ ’ਚ ਵਰਤੀ ਗਈ ਕਾਲੇ ਰੰਗ ਦੀ ਸਕੌਡਾ ਕਾਰ ਬਰਾਮਦ ਕਰ ਲਈ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਦੀਪ ਸਿੰਘ ਉਰਫ਼ ਕੋਹਲੀ, ਰਾਜਵੀਰ ਸਿੰਘ ਉਰਫ਼ ਕਾਜ਼ਮਾ ਅਤੇ ਰਜਿੰਦਰ ਸਿੰਘ ਉਰਫ਼ ਗੋਰਾ ਵਾਸੀ ਲੁਧਿਆਣਾ ਵਜੋਂ ਹੋਈ ਹੈ। ਕੁਲਦੀਪ ਕੋਹਲੀ ਜਿੰਮ ਦਾ ਮਾਲਕ ਹੈ ਅਤੇ ਜਿੰਮ ਚਲਾਉਣ ਦੀ ਆਡ਼ ਵਿਚ ਨਸ਼ਿਆਂ ਦਾ ਕਾਰੋਬਾਰ ਕਰਦਾ ਸੀ।

ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਚੱਲ ਰਹੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤਿੰਨੋਂ ਮੁਲਜ਼ਮ ਟੀਨੂੰ ਦੇ ਨਜ਼ਦੀਕੀ ਸਾਥੀ ਸਨ ਅਤੇ ਉਨ੍ਹਾਂ ਨੇ ਟੀਨੂੰ ਨੂੰ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿਚ ਮਦਦ ਕੀਤੀ ਸੀ, ਜਿਸ ਉਪਰੰਤ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਅਤੇ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਇਨ੍ਹਾਂ ਨੂੰ ਲੁਧਿਆਣੇ ਤੋਂ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ 1 ਅਕਤੂਬਰ ਨੂੰ ਦੀਪਕ ਟੀਨੂੰ ਨੇ ਕੋਹਲੀ ਨੂੰ ਮਹਿਲਾ ਸਾਥੀ ਭੇਜਣ ਲਈ ਕਿਹਾ ਸੀ, ਜਿਸ ਨੇ ਸੀਆਈਏ ਮਾਨਸਾ ਵਿਖੇ ਆਪਣੇ ਸਾਥੀਆਂ ਸਮੇਤ ਟੀਨੂੰ ਦੇ ਭੱਜਣ ਵਿਚ ਮਦਦ ਕੀਤੀ ਸੀ। ਰਾਜਵੀਰ ਸਿੰਘ ਨੇ ਆਪਣੇ ਸਾਥੀ ਗਗਨਦੀਪ ਖਹਿਰਾ ਵਾਸੀ ਲੁਧਿਆਣਾ ਨਾਲ ਮਿਲ ਕੇ ਜ਼ੀਰਕਪੁਰ ਤੋਂ ਮਹਿਲਾ ਸਾਥੀ ਨੂੰ ਆਪਣੇ ਨਾਲ ਲਿਆ ਅਤੇ ਕੋਹਲੀ ਵੱਲੋਂ ਦਿੱਤੇ ਕੱਪਡ਼ਿਆਂ ਦੇ ਬੈਗ ਸਮੇਤ ਸੀਆਈਏ ਮਾਨਸਾ ਨੇਡ਼ੇ ਛੱਡ ਦਿੱਤਾ। ਪੁਲਿਸ ਟੀਮਾਂ ਗਗਨਦੀਪ ਨੂੰ ਫਡ਼ਨ ਲਈ ਛਾਪੇਮਾਰੀ ਕਰ ਰਹੀਆਂ ਹਨ।

ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਕੁਲਦੀਪ ਕੋਹਲੀ ਪਿਛਲੇ ਦੋ ਸਾਲਾਂ ਤੋਂ ਦੀਪਕ ਟੀਨੂੰ ਦੇ ਸੰਪਰਕ ਵਿੱਚ ਸੀ, ਜਦੋਂ ਉਹ ਦੋਵੇਂ ਕਪੂਰਥਲਾ ਜੇਲ੍ਹ ਵਿੱਚ ਬੰਦ ਸਨ। ਉਨ੍ਹਾਂ ਕਿਹਾ ਕਿ ਕੋਹਲੀ ਨੂੰ ਸਾਲ 2021 ਵਿਚ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ। ਉਪਰੰਤ ਉਹ ਟੀਨੂੰ ਦੇ ਹਰਿਆਣਾ ਅਧਾਰਤ ਸਾਥੀਆਂ ਨਾਲ ਮਿਲ ਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਵਿਚ ਸ਼ਾਮਲ ਹੋ ਗਿਆ।