ਤੀਆਂ ਨੂੰ ਚੜ੍ਹਿਆ ਕਿਸਾਨ ਅੰਦੋਲਨ ਦਾ ਰੰਗ, ਧਰਨੇ ‘ਚ ਮਨਾਇਆ ਤੀਜ ਦਾ ਤਿਉਹਾਰ

ਬਰਨਾਲਾ : ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ ਐਸ ਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 314 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ 10 ਅਗੱਸਤ ਨੂੰ ਕਿਸਾਨ ਧਰਨਿਆਂ ‘ਚ ਸਮਾਜਿਕ ਸਦਭਾਵਨਾ ਦਾ ਤਿਉਹਾਰ, ਤੀਜ ਮਨਾਉਣ ਦਾ ਸੱਦਾ ਦਿੱਤਾ ਹੋਇਆ ਹੈ। ਸੱਦੇ ਅਨੁਸਾਰ ਅੱਜ ਬਰਨਾਲਾ ਧਰਨੇ ਦਾ ਸਮੁੱਚਾ ਸੰਚਾਲਨ ਔਰਤ ਧਰਨਾਕਾਰੀਆਂ ਦੇ ਹੱਥ ਰਿਹਾ। ਤਕਰੀਬਨ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਰੰਗ ਲੋਕ-ਸਭਿਆਚਾਰ ਦੇ ਸਾਰੇ ਪੱਖਾਂ ‘ਤੇ ਚੜ੍ਹਿਆ ਹੈ। ਔਰਤਾਂ ਦੀ ਭਰਵੀਂ ਸ਼ਮੂਲੀਅਤ ਮੌਜੂਦਾ ਕਿਸਾਨ ਅੰਦੋਲਨ ਦੀ ਉਭਰਵੀਂ ਵਿਸ਼ੇਸ਼ਤਾ ਰਹੀ ਹੈ। ਫਿਰ ਭਲਾ ਔਰਤਾਂ ਦੇ ਤਿਉਹਾਰ, ਤੀਆਂ ਉਪਰ  ਕਿਸਾਨ ਅੰਦੋਲਨ ਦਾ ਰੰਗ ਕਿਵੇਂ ਨਾ ਚੜ੍ਹਦਾ।

ਗਿੱਧੇ ‘ਚ ਧਮਾਲਾਂ ਪਾਉਂਦੀਆਂ ਬੀਬੀਆਂ ਨੇ ਬੋਲੀਆਂ ਵੀ ਸਮੇਂ ਦੇ ਹਾਣ ਦੀਆਂ ਘੜ੍ਹੀਆਂ  :
ਵਾਪਸ ਨਹੀਂ ਮੁੜਨਾ, ਬਿੱਲ ਵਾਪਸ ਕਰਵਾਉਣੇ;
ਬੋਲੋ ਵੀਰੋ ਵੇ ਬਾਪੂ ਕੱਲ੍ਹਾ ਨਾਹਰੇ ਮਾਰਦਾ;
ਹੋਊ ਸਰਕਾਰਾਂ ਨੂੰ ਪਾਲਾ, ਲੋਕਾਂ ਨੂੰ ਡਰ ਕੋਈ ਨਾ;  ਕੱਠੇ ਹੋ ਕੇ ਮਾਰੋ ਹੰਭਲਾ,ਬਿੱਲ ਵਾਪਸ ਕਰਵਾਉਣੇ।

ਟੀਵੀ ਪੰਜਾਬ ਬਿਊਰੋ