ਦੁਬਈ ‘ਚ ਭਾਰਤੀ ਡਰਾਈਵਰ ਦੀ ਲੱਗੀ 40 ਕਰੋੜ ਦੀ ਲਾਟਰੀ

ਜਲੰਧਰ : ਹਰ ਸਾਲ ਭਾਰਤ ਤੋਂ ਹਜ਼ਾਰਾਂ ਲੋਕ ਵਧੀਆ ਜ਼ਿੰਦਗੀ ਦਾ ਸੁਪਨਾ ਲੈ ਕੇ ਦੁਬਈ ਜਾਂਦੇ ਹਨ ਪਰ ਕੁਝ ਵਿਰਲੇ ਹੀ ਹੁੰਦੇ ਨੇ ਜਿਨ੍ਹਾਂ ਦੇ ਹੱਥ ਸੋਨੇ ਦੇ ਦੇਸ਼ ਵਿਚ ਸੱਚਮੁੱਚ ਸੋਨਾ ਲੱਗਦਾ ਹੈ ਤੇ ਉਹਨਾਂ ਦੀ ਕਿਸਮਤ ਚਮਕ ਜਾਂਦੀ ਹੈ। ਅਜਿਹੇ ਲੋਕਾਂ ਚੋਂ ਇਕ ਹੈ ਕੇਰਲ ਦਾ ਰਹਿਣ ਵਾਲਾ ਰਣਜੀਤ ਸੋਮਰਾਜਨ। ਸੋਮਰਾਜਨ ਗਿਆ ਤਾਂ ਦੁਬਈ ‘ਚ ਰੋਜ਼ੀ ਰੋਟੀ ਕਮਾਉਣ ਸੀ ਪਰ ਕਿਸਮਤ ਜ਼ਿਆਦਾ ਸਾਥ ਨਹੀਂ ਦੇ ਰਹੀ ਸੀ।

ਹੁਣ ਕਿਸਮਤ ਨੇ ਐਸੀ ਪਲਟੀ ਮਾਰੀ ਕਿ ਰਾਤੋ-ਰਾਤ ਸੋਮਰਾਜਨ ਦੀਆਂ ਪੌਂ -ਬਾਰ੍ਹਾਂ ਹੋ ਗਈਆਂ। ਦਰਅਸਲ ਰਣਜੀਤ ਸੋਮਰਾਜਨ ਨਾਮੀ ਵਿਅਕਤੀ ਨੇ ਦੁਬਈ ਵਿਚ 20 ਮਿਲੀਅਨ ਦਰਹਾਮ ਦੀ ਲਾਟਰੀ ਜਿੱਤੀ ਹੈ। ਭਾਰਤੀ ਕਰੰਸੀ ਵਿਚ ਇਹ ਰਕਮ 40 ਕਰੋੜ 67 ਲੱਖ ਬਣਦੀ ਹੈ। ਆਬੂਧਾਬੀ ਏਅਰਪੋਰਟ ਵੱਲੋਂ ਬਿਗ ਟਿਕਟ ਡਰਾਅ ਕੱਢਿਆ ਜਾਂਦਾ ਹੈ। ਸ਼ਨੀਵਾਰ ਨੂੰ ਏਅਰਪੋਰਟ ਦਿ ਮਾਈਟੀ 20 ਮਿਲੀਅਨ ਡਰਾਅ ਕੱਢਿਆ ਗਿਆ। ਜਿਸ ਵਿਚ ਦੁਬਈ ‘ਚ ਡਰਾਈਵਰੀ ਕਰਨ ਵਾਲੇ ਸੋਮਰਾਜਨ ਦੀ ਕਿਸਮਤ ਚਮਕ ਗਈ।

ਭਾਰਤੀ ਡਰਾਈਵਰ ਰਣਜੀਤ ਸੋਮਰਾਜਨ ਨੇ 29 ਜੂਨ ਨੂੰ ਆਪਣੇ 9 ਹੋਰ ਦੋਸਤਾਂ ਨਾਲ ਮਿਲ ਕੇ ਇਹ ਲਾਟਰੀ ਟਿਕਟ ਖਰੀਦੀ ਸੀ। ਲਾਟਰੀ ਜਿੱਤਣ ਤੋਂ ਬਾਅਦ ਸੋਮਰਾਜਨ ਨੇ ਕਿਹਾ ਕਿ ਮੈਂ 2008 ਤੋਂ ਦੁਬਈ ਵਿਚ ਟੈਕ੍ਸੀ ਤੇ ਹੋਰ ਕਈ ਕੰਪਨੀਆਂ ਦੇ ਨਾਲ ਕੰਮ ਕੀਤਾ। ਬੀਤੇ ਸਾਲ ਇਕ ਕੰਪਨੀ ਨਾਲ ਬਤੌਰ ਡਰਾਈਵਰ ਤੇ ਸੇਲਜ਼ਮੈਨ ਦੇ ਤੌਰ ‘ਤੇ ਕੰਮ ਕੀਤਾ। ਇੰਨੀ ਮੇਹਨਤ ਦੇ ਬਾਵਜ਼ੂਦ ਜ਼ਿੰਦਗੀ ਇੰਨੀ ਵਧੀਆ ਨਹੀਂ ਚੱਲ ਰਹੀ ਸੀ। ਲਾਕ ਡਾਊਨ ਦੇ ਚਲਦੇ ਮੇਰੀ ਸੈਲਰੀ ‘ਚ ਕਾਫੀ ਕਟੌਤੀ ਕੀਤੀ ਗਈ।

ਉਸ ਨੇ ਦੱਸਿਆ ਕਿ ਆਪਣੇ ਜੀਵਨ ਨੂੰ ਸੁਧਾਰਨ ਲਈ ਉਹ ਹਮੇਸ਼ਾ ਲਾਟਰੀ ਖਰੀਦਿਆ ਕਰਦਾ ਸੀ। ਇਸ ਵਾਰ ਜਦੋ ਉਹ ਮਸਜਿਦ ਕੋਲੋਂ ਲੰਘ ਰਿਹਾ ਸੀ ਤਾਂ ਲਾਟਰੀ ਦੀ ਅਨਾਊਂਸਮੈਂਟ ਸੁਣੀ। ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਟਿਕਟ ਖਰੀਦ ਲਈ। ਹੁਣ 40 ਕਰੋੜ ਦੀ ਇਹ ਇਨਾਮੀ ਰਾਸ਼ੀ ਇਨਾਂ 10 ਦੋਸਤਾਂ ਵਿਚ ਵੰਡੀ ਜਾਵੇਗੀ। ਯਾਨੀ ਹਰ ਇਕ ਨੂੰ 4 ਕਰੋੜ ਦੇ ਕਰੀਬ ਰਕਮ ਮਿਲੇਗੀ ਜੋ ਕਿ ਇਕ ਵਧੀਆ ਰਕਮ ਹੈ।

ਸੋਮ ਰਾਜਨ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਬਿਜਨੈੱਸ ਕਰਨਾ ਚਾਹੁੰਦੇ ਸੀ ਤੇ ਹੁਣ ਉਹ ਆਪਣਾ ਇਹ ਸੁਪਨਾ ਪੂਰਾ ਕਰਨਗੇ। ਦੱਸ ਦੇਈਏ ਕਿ ਦੂਜਾ ਇਨਾਮ ਵੀ ਇਕ ਭਾਰਤੀ ਨੇ ਜਿੱਤਿਆ ਹੈ। ਜਿਸ ਨੇ 3 ਮਿਲੀਅਨ ਦਰਹਾਮ ਰਾਸ਼ੀ ਦੀ ਲਾਟਰੀ ਜਿੱਤੀ। ਭਾਰਤੀ ਕਰੰਸੀ ਵਿਚ ਇਹ ਰਕਮ 6 .09 ਕਰੋੜ ਬਣਦੀ ਹੈ।

ਕੁਲਵਿੰਦਰ ਮਾਹੀ