ਪੰਜਾਬ ਵਿਚ ਲੱਗ ਰਹੇ ਬਿਜਲੀ ਕੱਟਾਂ ਤੋਂ ਦੁਖੀ ਲੋਕਾਂ ਵੱਲੋਂ ਵੱਖ ਵੱਖ ਥਾਈਂ ਧਰਨਾ ਪ੍ਰਦਰਸ਼ਨ

ਚੰਡੀਗੜ੍ਹ : ਪੰਜਾਬ ਵਿਚ ਲੱਗ ਰਹੇ ਲੰਬੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਵੱਖ ਵੱਖ ਥਾਵਾਂ ‘ਤੇ ਧਰਨੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਿਜਲੀ ਸਪਲਾਈ ‘ਚ ਲੱਗਦੇ ਵੱਡੇ-ਵੱਡੇ ਕੱਟਾਂ ਨੂੰ ਲੈ ਕੇ ਜੈਤੋ ਰਾਜਬਾਹੇ ‘ਤੇ ਧਰਨਾ ਲਗਾ ਕੇ ਕੋਟਕਪੂਰਾ – ਬਠਿੰਡਾ ਰੋਡ ਨੂੰ ਠੱਪ ਕੀਤਾ ਅਤੇ ਪੰਜਾਬ ਸਰਕਾਰ ਤੇ ਬਿਜਲੀ ਮਹਿਕਮੇ ਵਿਰੁੱਧ ਨਾਅਰੇਬਾਜ਼ੀ ਕੀਤੀ ।

ਐਸ.ਡੀ.ਓ. ਰਾਜਿੰਦਰ ਸਿੰਘ ਨੇ ਧਰਨਕਾਰੀਆਂ ਨਾਲ ਗੱਲ ਕਰਦਿਆਂ ਹੋਇਆ ਵਿਸ਼ਵਾਸ਼ ਦੁਵਾਇਆ ਕਿ ਬਿਜਲੀ ਨਾਲ ਸਬੰਧਿਤ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਧਰਨਾ ਖ਼ਤਮ ਕਰ ਦਿੱਤਾ ਗਿਆ।

ਅਣਐਲਾਨੇ ਅਤੇ ਲੰਬੇ – ਲੰਬੇ ਬਿਜਲੀ ਕੱਟਾਂ ਤੋਂ ਦੁਖੀ ਬੀਤ ਇਲਾਕੇ ਦੇ ਲੋਕਾਂ ਨੇ ਪਾਵਰ ਕਾਮ ਦਫ਼ਤਰ ਬੀਣੇਵਾਲ ਮੂਹਰੇ ਰੋਸ ਧਰਨਾ ਦਿੱਤਾ ਅਤੇ ਮੁਜ਼ਾਹਰਾ ਕੀਤਾ। ਵੱਖੋ – ਵੱਖ ਕਿਸਾਨ ਜਥੇਬੰਦੀਆਂ ਵਲੋਂ ਪਹਿਲਾਂ ਗਰਿੱਡ ‘ਚ ਧਰਨਾ ਦੇ ਕੇ ਸਰਕਾਰ ਅਤੇ ਪਾਵਰ ਕਾਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ।

ਤਪਾ ਮੰਡੀ ਦੇ ਦੁਕਾਨਦਾਰਾਂ ਨੇ ਬਿਜਲੀ ਕੱਟਾਂ ਤੋਂ ਦੁਖੀ ਹੋ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸਿਟੀ ਵੈੱਲਫੇਅਰ ਦੇ ਪ੍ਰਧਾਨ ਸੱਤਪਾਲ ਗੋਇਲ ਅਤੇ ਹੋਰਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਖ਼ਿਲਾਫ਼ ਸਰਕਾਰੀ ਮੁਲਾਜ਼ਮ ਤੇ ਕੱਚੇ ਮੁਲਾਜ਼ਮ ਧਰਨੇ ਦੇ ਰਹੇ ਹਨ ਪਰ ਸਰਕਾਰ ਦੇ ਕੰਨਾਂ ‘ਤੇ ਅਜੇ ਤੱਕ ਜੂੰ ਨਹੀਂ ਸਰਕੀ | ਉਨ੍ਹਾਂ ਕਿਹਾ ਕਿ ਬਿਜਲੀ ਦੇ ਲੰਬੇ – ਲੰਬੇ ਕੱਟਾਂ ਕਰ ਕੇ ਲੋਕ ਹੈਰਾਨ ਤੇ ਪ੍ਰੇਸ਼ਾਨ ਹੋ ਰਹੇ ਹਨ ਜਿਸ ਕਰਕੇ ਲੋਕਾਂ ਦਾ ਕੰਮਕਾਰ ਵੀ ਠੱਪ ਹੋ ਰਿਹਾ ਹੈ |

ਇਸੇ ਤਰ੍ਹਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਬਿਜਲੀ ਕੱਟਾ ਨੂੰ ਲੈ ਕੇ ਗਰਿੱਡ ਦੀ ਭੰਨ – ਤੋੜ ਕੀਤੇ ਜਾਣ ਦੀਆਂ ਵੀ ਖ਼ਬਰਾਂ ਹਨ

ਕੁਰਾਲੀ ਸ਼ਹਿਰ ‘ਚੋਂ ਗੁਜ਼ਰਦੇ ਕੌਮੀ ਮਾਰਗ ‘ਤੇ ਅੱਜ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਦੁਆਰਾ ਬਿਜਲੀ ਦੇ ਲੰਬੇ – ਲੰਬੇ ਅਣ ਐਲਾਨੇ ਕੱਟਾਂ ਤੋਂ ਦੁਖੀ ਹੋ ਕੇ ਕੌਮੀ ਮਾਰਗ ‘ਤੇ ਜਾਮ ਲਗਾਇਆ ਗਿਆ। ਇਸ ਰੋਸ ਧਰਨੇ ਦੀ ਹਮਾਇਤ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਪਹੁੰਚੇ।

ਟੀਵੀ ਪੰਜਾਬ ਬਿਊਰੋ