ਜਲੰਧਰ : ਜ਼ਿਲਾ ਭਲਾਈ ਕੌਂਸਲ, ਜਲੰਧਰ ਵੱਲੋਂ ਬਾਲ ਦਿਵਸ ਨੂੰ ਸਮਰਪਿਤ ਬਾਲ ਮੇਲੇ ਦਾ ਆਯੋਜਨ ਜ਼ਿਲਾ ਰੈਡ ਕਰਾਸ ਭਵਨ, ਜਲੰਧਰ ਵਿਖੇ ਕਰਵਾਇਆ ਗਿਆ ਜਿਸ ਵਿੱਚ ਚੇਅਰਪਰਸਨ ਜ਼ਿਲਾ ਬਾਲ ਭਲਾਈ ਕੌਂਸਲ ਸ੍ਰੀਮਤੀ ਗਗਨ ਕੁੰਦਰਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।
ਇਸ ਮੌਕੇ ਅਪਣੇ ਸੰਬੋਧਨ ਵਿਚ ਸ੍ਰੀਮਤੀ ਗਗਨ ਕੁੰਦਰਾ ਨੇ ਜਿਥੇ ਇਹ ਮੇਲਾ ਕਰਵਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਉਥੇ ਹੀ ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਉਨਾਂ ਕਿਹਾ ਕਿ ਵੱਖ-ਵੱਖ ਮੁਕਾਬਲਿਆਂ ਵਿੱਚ ਬੱਚਿਆਂ ਵੱਲੋਂ ਹਿੱਸਾ ਲੈਣ ਨਾਲ ਜਿਥੇ ਉਨਾਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ ਉਥੇ ਹੀ ਉਨਾਂ ਦੀ ਸ਼ਖਸੀਅਤ ਦਾ ਵੀ ਵਿਕਾਸ ਹੁੰਦਾ ਹੈ।
ਉਨਾਂ ਕਿਹਾ ਕਿ ਜ਼ਿਲਾ ਬਾਲ ਭਲਾਈ ਕੌਂਸਲ ਵਲੋਂ ਹਮੇਸ਼ਾ ਹੀ ਬੱਚਿਆਂ ਦੀ ਭਲਾਈ ਲਈ ਅਨੇਕਾ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ ਅਤੇ ਭਵਿੱਖ ਵਿਚ ਵੀ ਇਨ੍ਹਾਂ ਨੂੰ ਜਾਰੀ ਰੱਖਿਆ ਜਾਵੇਗਾ।
ਇਸ ਉਪਰੰਤ ਉਪ ਮੰਡਲ ਮੈਜਿਸਟਰੇਟ ਸ੍ਰੀ ਬਲਬੀਰ ਰਾਜ ਸਿੰਘ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਉਨਾਂ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਵਾਈ ਜਾਵੇ ਤਾਂ ਜੋ ਉਹ ਚੰਗੇ ਨਾਗਰਿਕ ਬਣ ਕੇ ਦੇਸ਼ ਅਤੇ ਸੂਬੇ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਲੈ ਕੇ ਜਾਣ ਦੇ ਸਮਰੱਥ ਬਣ ਸਕਣ।
ਇਸ ਮੌਕੇ ਆਨਰੇਰੀ ਸਕੱਤਰ, ਜ਼ਿਲਾ ਬਾਲ ਭਲਾਈ ਕੌਂਸਲ ਸ੍ਰੀਮਤੀ ਰੰਜਨਾ ਬਾਂਸਲ ਨੇ ਦੱਸਿਆ ਕਿ ਬਾਲ ਦਿਵਸ ਨੂੰ ਸਮਰਪਿਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਸਕਿੱਟ, ਭਾਸ਼ਣ, ਲੇਖ ਅਤੇ ਕਵਿਤਾ ਲਿਖਣ ਮੁਕਾਬਲੇ ਕਰਵਾਏ ਗਏ ਸਨ, ਜਿਨ੍ਹਾਂ ਵਿਚ ਵੱਖ-ਵੱਖ ਬੱਚਿਆਂ ਵਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਇਨਾਂ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ 18 ਨਵੰਬਰ ਨੂੰ ਮੋਗਾ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਬਾਲ ਦਿਵਸ ਸਮਾਗਮ ਵਿਚ ਭਾਗ ਲੈਣਗੇ।
ਉਨਾਂ ਦੱਸਿਆ ਕਿ ਸਕਿੱਟ ਵਿਚ ਡੀ.ਏ.ਵੀ.ਪਬਲਿਕ ਸਕੂਲ ਜਲੰਧਰ ਕੈਂਟ ਨੇ ਪਹਿਲਾ, ਏ.ਐਨ.ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਵਲੋਂ ਦੂਜਾ ਸਥਾਨ ਹਾਸਿਲ ਕੀਤਾ ਗਿਆ।
ਇਸੇ ਤਰਾਂ ਭਾਸ਼ਣ ਮੁਕਾਬਲਿਆਂ ਵਿਚ ਐਮ.ਜੀ.ਐਨ. ਸਕੂਲ ਦੀ ਵਿਦਿਆਰਥ ਅਜੂਨੀ ਨੇ ਪਹਿਲਾ, ਪੁਲਿਸ ਡੀ.ਏ.ਵੀ.ਪਬਲਿਕ ਸਕੂਲ ਜਲੰਧਰ ਦੇ ਤਮਨ ਪ੍ਰੀਤ ਨੇ ਦੂਜਾ ਅਤੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੇ ਵਿਦਿਆਰਥੀ ਸਿਮਰਦੀਪ ਵਲੋਂ ਤੀਜਾ ਸਥਾਨ ਹਾਸਿਲ ਕੀਤਾ ਗਿਆ।
ਉਨਾਂ ਅੱਗੇ ਦੱਸਿਆ ਕਿ ਲੇਖ ਲਿਖਣ ਮੁਕਾਬਲੇ ਵਿਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਦੀ ਵਿਦਿਆਰਥਣ ਪਭਦੀਪ ਕੌਰ ਵੱਲੋਂ ਪਹਿਲਾ ਤੇ ਪੁਲਿਸ ਡੀ.ਏ.ਵੀ.ਪਬਲਿਕ ਸਕੂਲ ਜਲੰਧਰ ਦੀ ਵਿਦਿਆਰਥਣ ਗੁਰਲੀਨ ਕੌਰ ਵੱਲੋਂ ਪਹਿਲਾ ਅਤੇ ਏ.ਐਨ.ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੀ ਵਿਦਿਆਰਥਣ ਤਮੰਨਾ ਵੱਲੋਂ ਦੂਜਾ ਤੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੀ ਵਿਦਿਆਰਥਣ ਰੂਪਮ ਕੌਰ ਵੱਲੋਂ ਤੀਜਾ ਸਥਾਨ ਹਾਸਿਲ ਕੀਤਾ ਗਿਆ।
ਇਸੇ ਤਰਾਂ ਕਵਿਤਾ ਲੇਖਣ ਮੁਕਾਬਲੇ ਵਿਚ ਡੀ.ਏ.ਵੀ.ਪਬਲਿਕ ਸਕੂਲ ਜਲੰਧਰ ਦੀ ਵਿਦਿਆਰਥਣ ਵਲੋਂ ਪਹਿਲਾ, ਸੇਠ ਹੁਕਮ ਚੰਦ ਐਸ.ਡੀ. ਪਬਲਿਕ ਸਕੂਲ ਦੇ ਵਿਦਿਆਰਥੀ ਸਵੱਯਾ ਜੈਨ ਵਲੋਂ ਦੂਜਾ ਅਤੇ ਐਮ.ਜੀ.ਐਨ. ਪਬਲਿਕ ਸਕੂਲ ਆਦਰਸ਼ਨ ਨਗਰ ਦੀ ਵਿਦਿਆਰਥਣ ਅਵਲਨੂਰ ਕੌਰ ਵਲੋਂ ਤੀਜਾ ਸਥਾਨ ਹਾਸਿਲ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ, ਜ਼ਿਲਾ ਰੈਡ ਕਰਾਸ ਜਲੰਧਰ ਇਦਰਦੇਵ ਸਿੰਘ, ਮੈਂਬਰ ਪਰਮਿੰਦਰ ਬੇਰੀ, ਵੀਨੂੰ ਕੰਬੋਜ, ਕਿਮੀ ਜੁਨੇਜਾ, ਸੁਮਨ ਸਰੀਨ ਅਤੇ ਅਧਿਆਪਕ ਹਾਜ਼ਰ ਸਨ।
ਟੀਵੀ ਪੰਜਾਬ ਬਿਊਰੋ