ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ‘ਦੀਪ ਸਿੱਧੂ’ ਨੂੰ ਲਿਆ ਲੰਮੇ ਹੱਥੀਂ

ਟੀਵੀ ਪੰਜਾਬ ਬਿਊਰੋ- ਫਿਲਮੀ ਅਦਾਕਾਰ ਦੀਪ ਸਿੱਧੂ ਨੇ ਕੁਝ ਦਿਨ ਪਹਿਲਾਂ ਇਕ ਗੁਰਦੁਆਰਾ ਸਾਹਿਬ ‘ਚ ਭਾਸ਼ਣ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਵੱਡਾ ਇਲਜ਼ਾਮ ਲਗਾਇਆ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਦੱਸਦੇ ਹਨ।
ਦੀਪ ਸਿੱਧੂ ਦੇ ਇਸ ਭੜਕਾਊ ਬਿਆਨ ਦੇ ਜਵਾਬ ‘ਚ ਭਾਈ ਰਣਜੀਤ ਸਿੰਘ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਦੀਪ ਸਿੱਧੂ ਦੇ ਇਲਜ਼ਾਮ ਦਾ ਜਵਾਬ ਦਿੰਦਿਆਂ ਕਿਹਾ ਕਿ ਦੀਪ ਸਿੱਧੂ ਵਲੋਂ ਇਹ ਬਿਆਨ ਲੋਕਾਂ ਨੂੰ ਭੜਕਾਉਣ ਲਈ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਜ਼ਮਾਨੇ ‘ਚ ਇੰਟਰਨੈੱਟ ਦੇ ਮਾਧਿਅਮ ਰਾਹੀਂ ਅਸੀਂ ਦੂਜਾ ਪੱਖ ਬਿਆਨ ਕਰ ਸਕਦੇ ਹਾਂ। ਦੀਪ ਸਿੱਧੂ ਨੂੰ ਚੈਲੰਜ ਕਰਦਿਆਂ ਢੱਡਰੀਆਂ ਵਾਲੇ ਨੇ ਕਿਹਾ ਕਿ ਉਹ ਦੀਪ ਸਿੱਧੂ ਨੂੰ ਚੈਲੰਜ ਕਰਦੇ ਹਨ ਕਿ ਉਹ ਇਸ ਦਾ ਗੱਲ ਦਾ ਪਰੂਫ ਦਿਖਾਵੇ, ਜੋ ਉਹ ਕਹਿ ਰਿਹਾ ਹੈ ਕਿ ਮੈਂ ਆਪਣੀ ਵੀਡੀਓ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਆਖਿਆ ਹੈ।

ਦੀਪ ਸਿੱਧੂ ਨੂੰ ਲੰਮੇ ਹੱਥੀਂ ਲੈਂਦਿਆ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਕਿਹਾ ਕਿ ਇਹ ਉਹੀ ਸ਼ਖ਼ਸ ਹੈ, ਜਿਸ ਕਾਰਨ ਕਿਸਾਨੀ ਅੰਦੋਲਨ ਤਹਿਸ-ਨਹਿਸ ਹੋਣ ਕੰਢੇ ਆ ਗਿਆ ਸੀ। ਅਜਿਹੇ ਲੋਕ ਪਹਿਲਾਂ ਤਾਂ ਤੁਹਾਡਾ ਸਾਥ ਨਹੀਂ ਦਿੰਦੇ ਤੇ ਜੇਕਰ ਉਹ ਸਾਥ ਦੇ ਵੀ ਦੇਣ ਤਾਂ ਆਪਣੀਆਂ ਸ਼ਰਤਾਂ ਮੂਹਰੇ ਰੱਖ ਦਿੰਦੇ ਹਨ। ਜੇਕਰ ਕੋਈ ਸਿਰਫਿਰਿਆ ਬੰਦਾ ਦੀਪ ਸਿੱਧੂ ਦੀ ਗੱਲ ਨੂੰ ਸੱਚ ਮੰਨ ਲਵੇ ਤਾਂ ਉਹ ਮੈਨੂੰ ਜਾਨੋਂ ਮਾਰਨ ਤੱਕ ਚਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਅਜਿਹੇ ਬਹੁਤ ਲੋਕ ਹਨ, ਜੋ ਮੈਨੂੰ ਗਲਤ ਦੱਸਦੇ ਹਨ ਤੇ ਕਹਿੰਦੇ ਹਨ ਕਿ ਮੈਂ ਸਿੱਖ ਧਰਮ ਦੇ ਖ਼ਿਲਾਫ਼ ਹਾਂ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਪਿਛਲੇ ਸਾਲ 2020 ਦੇ ਪ੍ਰੋਗਰਾਮਾਂ ਨੂੰ ਸੁਣ ਲਵੋ ਤਾਂ ਤੁਹਾਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਨੇੜਤਾ ਹੋਰ ਵੱਧ ਜਾਵੇਗੀ ਅਤੇ ਸਾਰੇ ਸ਼ੰਕੇ ਦੂਰ ਹੋ ਜਾਣਗੇ।