Ottawa- ਓਨਟਾਰੀਓ ਦੇ ਹਾਈਵੇਅ 417 ’ਤੇ ਸੋਮਵਾਰ ਨੂੰ ਕਈ ਵਾਹਨਾਂ ਅਤੇ ਘੋੜਿਆਂ ਵਿਚਾਲੇ ਹੋਈ ਟੱਕਰ ’ਚ ਦੋ ਘੋੜਿਆਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਰਾਤੀਂ ਕਰੀਬ 1 ਵਜੇ ਐਂਡਰਸਨ ਰੋਡ ਅਤੇ ਹੰਟ ਕਲੱਬ ਰੋਡ ਦੇ ਵਿਚਕਾਰ ਹਾਈਵੇਅ ਦੇ ਪੱਛਮੀ ਪਾਸੇ ਦੀਆਂ ਲੇਨਾਂ ’ਤੇ ਵਾਪਰਿਆ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਈਵੇਅ ’ਤੇ ਕਈ ਵਾਹਨਾਂ ਨੇ ਘੋੜਿਆਂ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਦੌਰਾਨ ਇੱਕ ਵਾਹਨ ਚਾਲਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਓ. ਪੀ. ਪੀ. ਨੇ ਕਿਹਾ ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ ਓਟਵਾ ਪੁਲਿਸ ਸਰਵਿਸ, ਓਟਾਵਾ ਫਾਇਰ ਸਰਵਿਸਿਜ਼ ਅਤੇ ਓਟਾਵਾ ਪੈਰਾਮੈਡਿਕ ਸਰਵਿਸ ਤੁਰੰਤ ਮੌਕੇ ’ਤੇ ਪਹੁੰਚੇ।
ਓਟਾਵਾ ਦੇ ਪੈਰਾਮੈਡਿਕਸ ਨੇ ਜ਼ਖ਼ਮੀ ਹੋਏ ਵਾਹਨ ਚਾਲਕ ਦੀ ਹਾਲਤ ਬਾਰੇ ਕੋਈ ਵਧੇਰੇ ਜਾਣਕਾਰੀ ਨਹੀਂ ਦਿੱਤੀ ਹੈ। ਓ. ਪੀ. ਪੀ. ਦਾ ਕਹਿਣਾ ਹੈ ਕਿ ਉਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਘੋੜੇ ਕਿਸ ਦੇ ਸਨ ਅਤੇ ਇਹ ਹਾਈਵੇਅ ’ਤੇ ਕਿਸ ਤਰ੍ਹਾਂ ਆ ਗਏ।
ਹਾਲਾਂਕਿ ਓ. ਪੀ. ਪੀ. ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰੇ ਇਸੇ ਸਥਾਨ ’ਤੇ ਇੱਕ ਹਾਦਸਾ ਵਾਪਰਿਆ ਸੀ। ਇਸ ਦੌਰਾਨ ਇੱਕ ਵਾਹਨ ਨੇ ਟੱਕਰ ਮਾਰ ਕੇ ਹਾਈਵੇਅ ’ਤੇ ਲੱਗੀ ਵਾੜ ਨੂੰ ਨੁਕਸਾਨ ਪਹੁੰਚਾਇਆ ਸੀ। ਹਾਦਸੇ ਦੇ ਮਗਰੋਂ ਹਾਈਵੇਅ ਜਾਂਚ ਲਈ ਕਈ ਘੰਟੇ ਬੰਦ ਰੱਖਣ ਮਗਰੋਂ ਖੋਲ੍ਹ ਦਿੱਤਾ ਗਿਆ।