ਡੈਸਕ- ਕਿਸਾਨ ਮਜ਼ਦੂਰ ਮੋਰਚਾ ਵੱਲੋਂ ਆਪਣੇ ਅੰਦੋਲਨ ਦੀ ਅਗਲੀ ਰੂਪ ਰੇਖਾ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨਾਂ ਦਾ ਅੰਦੋਲਨ ਆਪਣੀਆਂ ਮੰਗਾਂ ਨੂੰ ਲੈਕੇ ਜਾਰੀ ਰਹੇਗਾ। ਇਸ ਦੇ ਨਾਲ ਹੀ ਉਹਨਾਂ ਨੇ ਹਰਿਆਣਾ ਦੇ ਭਾਜਪਾ ਸਰਕਾਰ ਤੇ ਵੀ ਤਿੱਖਾ ਨਿਸ਼ਾਨਾ ਸਾਧਿਆ।
ਪੰਧੇਰ ਨੇ ਕਿਹਾ ਕਿ ਸੰਭੂ ਬਾਰਡਰ ਤੇ ਚੱਲ ਰਹੇ ਧਰਨੇ ਵਿੱਚ ਹੁਣ ਤੱਕ ਕਰੀਬ 433 ਕਿਸਾਨ ਜ਼ਖ਼ਮੀ ਹੋਏ ਸਨ। ਪੰਧੇਰ ਨੇ ਲਖੀਮਪੁਰ ਖੀਰੀ ਕਤਲਕਾਂਡ ਦੇ ਮੁਲਜ਼ਮ ਅਸ਼ੀਸ ਮਿਸ਼ਰਾ ਦੀ ਜ਼ਮਾਨਤ ਤੇ ਬੋਲਦਿਆਂ ਕਿਹਾ ਕਿ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਸਰਵਣ ਸਿੰਘ ਪੰਧੇਰ ਨੇ ਹਰਿਆਣਾ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਨੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਤੇ ਹਮਲੇ ਕੀਤੇ। ਹਰਿਆਣਾ ਸਰਕਾਰ ਉਹਨਾਂ ਅਫ਼ਸਰਾਂ ਨੂੰ ਸਨਮਾਨਿਤ ਕਰ ਰਹੀ ਹੈ। ਜੋ ਸਰਕਾਰ ਦੇ ਕਿਸਾਨਾਂ ਪ੍ਰਤੀ ਰਵੱਈਏ ਨੂੰ ਦਿਖਾਉਂਦਾ ਹੈ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾਲ ਮੰਨੇ ਜਾਣ ਦੇ ਵਿਰੋਧ ਵਿੱਚ 1 ਅਗਸਤ ਨੂੰ ਪੂਰੇ ਭਾਰਤ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਇਸ ਤੋਂ ਬਾਅਦ ਅਜਾਦੀ ਦਿਹਾੜੇ ਮੌਕੇ ਕਿਸਾਨਾਂ ਵੱਲੋਂ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਨਵੇਂ ਅਪਰਾਧਿਕ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।
ਪੰਧੇਰ ਨੇ ਕਿਹਾ ਕਿ ਸ਼ੰਭੂ ਬਾਰਡਰ ਤੇ ਚੱਲ ਰਹੇ ਅੰਦੋਲਨ ਨੂੰ 31 ਅਗਸਤ ਨੂੰ 200 ਦਿਨ ਪੂਰੇ ਹੋ ਜਾਣਗੇ। ਇਸ ਦਿਨ ਵੱਡੀ ਗਿਣਤੀ ਵਿੱਚ ਲੋਕ ਬਾਰਡਰ ਤੇ ਇਕੱਠੇ ਹੋਣਗੇ ਅਤੇ ਰੈਲੀ ਕੀਤੀ ਜਾਵੇਗੀ ਤਾਂ ਜੋ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਕਿਸਾਨ ਹਰਿਆਣਾ ਵਿੱਚ 2 ਵੱਡੀਆਂ ਰੈਲੀਆਂ ਕਰਨਗੇ। ਇੱਕ ਰੈਲੀ 15 ਸਤੰਬਰ ਨੂੰ ਜੀਂਦ ਜ਼ਿਲ੍ਹੇ ਵਿੱਚ ਹੋਵੇਗੀ। ਜਦੋਂਕਿ ਦੂਜੀ ਰੈਲੀ ਕੁਰੂਕਸ਼ੇਤਰ ਦੇ ਪਿੱਪਲੀ ਵਿੱਚ ਕੀਤੀ ਜਾਵੇਗੀ।
ਉੱਤਰਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਗੱਡੀ ਨਾਲ ਕੁਚਲਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਮੁਲਜ਼ਮ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਨੂੰ ਬਰਕਰਾਰ ਰੱਖਣ ਦੇ ਫੈਸਲੇ ਦੀ ਕਿਸਾਨ ਆਗੂਆਂ ਨੇ ਨਿਖੇਧੀ ਕੀਤੀ। ਪੰਧੇਰ ਨੇ ਕਿਹਾ ਕਿ ਮਾਮਲੇ ਵਿੱਚ ਕਿਸਾਨਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ।