ਕੈਨੇਡੀਅਨ ਸਿੱਕਿਆਂ ’ਤੇ ਹੁਣ ਦਿਖਾਈ ਦੇਵੇਗੀ ਕਿੰਗ ਚਾਰਲਸ ਦੀ ਤਸਵੀਰ

Winnipeg – ਕਿੰਗ ਚਾਰਲਸ III ਦੇ ਚਿਹਰੇ ਵਾਲੇ ਪਹਿਲੇ ਕੈਨੇਡੀਅਨ ਸਿੱਕਿਆਂ ਦੀ ਮੰਗਲਵਾਰ ਨੂੰ ਰਾਜਾ ਦੇ 75ਵੇਂ ਜਨਮਦਿਨ ਮੌਕੇ ਵਿਨੀਪੈਗ ’ਚ ਘੁੰਡ ਚੁਕਾਈ ਕੀਤੀ ਗਈ। ਰਾਇਲ ਕੈਨੇਡੀਅਨ ਮਿੰਟ ’ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਮਿੰਟ ਦੇ ਪ੍ਰਧਾਨ ਅਤੇ ਸੀ. ਈ. ਓ. ਮੈਰੀ ਲੇਮੇ ਨੇ ਕਿਹਾ, ‘‘1953 ਤੋਂ, ਮਰਹੂਮ ਮਹਾਰਾਣੀ ਐਲਜ਼ਾਬੈਥ ਦੀ ਤਸਵੀਰ ਕੈਨੇਡੀਅਨ ਸਿੱਕਿਆਂ ਦੀ ਸ਼ੋਭਾ ਵਧਾ ਰਹੀ ਹੈ। ਅੱਜ 70 ਸਾਲਾਂ ਬਾਅਦ ਕੈਨੇਡੀਅਨ ਇਤਿਹਾਸ ’ਚ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ।
ਉਨ੍ਹਾਂ ਅੱਗੇ ਆਖਿਆ ਕਿ ਅਸੀਂ ਮਹਾਰਾਜਾ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਅਸੀਂ ਜਲਦੀ ਹੀ ਉਨ੍ਹਾਂ ਨੂੰ ਆਪਣੇ ਪਹਿਲੇ ਸਟਰਾਈਕ ਸਿੱਕਿਆਂ ਦਾ ਆਪਣਾ ਸੈੱਟ ਭੇਜਣ ਦੀ ਉਮੀਦ ਕਰਦੇ ਹਾਂ।
ਮਿੰਟ ਵਲੋਂ ਜਾਰੀ ਕੀਤੇ ਗਏ ਨਵੇਂ ਸਿੱਕਿਆਂ ’ਚ ਹੁਣ ਇੱਕ ਪਾਸੇ ਬਿ੍ਰਟੇਨ ਦੇ ਬਾਦਸ਼ਾਹ ਦੀ ਤਸਵੀਰ ਦਾ ਪ੍ਰਦਰਸ਼ਿਤ ਕੀਤੀ ਗਈ ਹੈ, ਜਿਹੜੀ ਕਿ ਉਨ੍ਹਾਂ ਦੀ ਮਾਂ ਅਤੇ ਮਹਰੂਮ ਮਹਾਰਾਣੀ ਐਲਜ਼ਾਬੈਥ ਦੀ ਤਸਵੀਰ ਦੀ ਥਾਂ ’ਤੇ ਦਿਖਾਈ ਦੇਵੇਗੀ। ਕੈਨੇਡੀਅਨ ਪੋਰਟਰੇਟ ਕਲਾਕਾਰ ਸਟੀਵਨ ਰੋਸਾਟੀ ਦੇ ਡਿਜ਼ਾਈਨ ਨੂੰ 350 ਕਲਾਕਾਰਾਂ ਵਲੋਂ ਪੇਸ਼ ਕੀਤੇ ਗਏ ਡਿਜ਼ਾਈਨਾਂ ’ਚੋਂ ਚੁਣਿਆ ਗਿਆ ਸੀ। ਇਸ ਤੋਂ ਬਾਅਦ ਇਸ ਨੂੰ ਮਨਜ਼ੂਰੀ ਲਈ ਬਕਿੰਘਮ ਪੈਲੇਸ ਨੂੰ ਭੇਜਿਆ ਗਿਆ ਸੀ।
ਰੋਜ਼ਾਟੀ ਨੇ ਸਿੱਕੇ ਦੀ ਘੁੰਡ-ਚੁਕਾਈ ਮੌਕੇ ਕਿਹਾ, ‘‘ਮੈਨੂੰ ਕੈਨੇਡਾ ਦੇ ਸਿੱਕਿਆਂ ਦੇ ਇਤਿਹਾਸ ’ਚ ਅਜਿਹੇ ਵੱਕਾਰੀ ਪਲ ਲਈ ਮਹਾਰਾਜਾ ਚਾਰਲਸ III ਦੀ ਮੂਰਤ ਵਾਲੇ ਮੇਰੇ ਡਿਜ਼ਾਈਨ ਨੂੰ ਚੁਣੇ ਜਾਣ ’ਤੇ ਸਨਮਾਨ ਅਤੇ ਨਿਮਰਤਾ ਮਹਿਸੂਸ ਹੋ ਰਹੀ ਹੈ।’’ ਉਸ ਨੇ ਅੱਗੇ ਕਿਹਾ ਕਿ ਉਹ ਅਸਲ ’ਚ ਸਿੱਕਿਆਂ ਦੇ ਉਤਪਾਦਨ ਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਅਤੇ ਉਤਸੁਕ ਹੈ।
ਦੱਸ ਦਈਏ ਕਿ ਇਸ ਸਾਲ ਦੇ ਸ਼ੁਰੂ ’ਚ, ਫੈਡਰਲ ਸਰਕਾਰ ਨੇ ਟਕਸਾਲ ਅਤੇ ਬੈਂਕ ਆਫ ਕੈਨੇਡਾ ਨੂੰ ਸਿੱਕਿਆਂ ਅਤੇ 20 ਡਾਲਰ ਦੇ ਨੋਟ ’ਤੇ ਮਰਹੂਮ ਮਹਾਰਾਣੀ ਐਲਜ਼ਾਬੈਥ ਦੀ ਤਸਵੀਰ ਨੂੰ ਥਾਂ ਕਿੰਗ ਚਾਰਲਸ ਦੀ ਤਸਵੀਰ ਨੂੰ ਸ਼ਾਮਿਲ ਕਰਨ ਲਈ ਆਖਿਆ ਸੀ। ਬੈਂਕ ਆਫ ਕੈਨੇਡਾ ਦੇ ਬੁਲਾਰੇ ਦਾ ਕਹਿਣਾ ਹੈ ਕਿ ਨਵੇਂ ਨੋਟ ਲਈ ਡਿਜ਼ਾਈਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਨੂੰ ਜਾਰੀ ਕਰਨ ਲਈ ਕਈ ਸਾਲ ਲੱਗ ਸਕਦੇ ਹਨ।