Salem- ਅਮਰੀਕਾ ਦੇ ਓਰੇਗਨ ਸੂਬੇ ’ਚ ਮੰਗਲਵਾਰ ਨੂੰ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਮਗਰੋਂ ਇੱਕ ਘਰ ਦੀ ਛੱਤ ’ਤੇ ਜਾ ਡਿੱਗਾ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਹ ਇੱਕ ਛੋਟਾ ਜਹਾਜ਼ ਸੀ, ਜਿਸ ’ਚ ਤਿੰਨ ਲੋਕ ਸਵਾਰ ਸਨ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ’ਚ ਜਹਾਜ਼ ਪੋਰਟਲੈਂਡ ਤੋਂ ਕਰੀਬ 25 ਮੀਲ ਦੱਖਣ-ਪੱਛਮ ’ਚ ਛੋਟੇ ਕਸਬੇ ਨਿਊਬਰਗ ’ਚ ਤੇਜ਼ੀ ਨਾਲ ਜ਼ਮੀਨ ਵੱਲ ਡਿੱਗਦਾ ਨਜ਼ਰ ਆ ਰਿਹਾ ਹੈ।
ਇਸ ਪੂਰੇ ਹਾਦਸੇ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਇੱਕ ਘਰ ਦੀ ਛੱਤ ਨਾਲ ਟਕਰਾਅ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ ਦਾ ਮਲਬਾ ਅੰਸ਼ਿਕ ਤੌਰ ’ਤੇ ਘਰ ਦੇ ਅੰਦਰ ਖਿੱਲਰ ਗਿਆ। ਟੁਆਲਾਟਿਨ ਵੈਲੀ ਫਾਇਰ ਐਂਡ ਰੈਸਕਿਊ ਨੇ ਇਕ ਨਿਊਜ਼ ਰਿਲੀਜ਼ ’ਚ ਕਿਹਾ ਕਿ ਜਹਾਜ਼ ’ਚ ਸਵਾਰ ਦੋ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਤੀਜੇ ਨੂੰ ਗੰਭੀਰ ਸੱਟਾਂ ਦੇ ਚੱਲਦਿਆਂ ਪੋਰਟਲੈਂਡ ਦੇ ਇੱਕ ਟਰਾਮਾ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਸ ਵੇਲੇ ਘਰ ’ਚ ਕਈ ਲੋਕ ਮੌਜੂਦ ਸਨ। ਖੁਸ਼ਕਿਸਮਤੀ ਇਹ ਰਹੀ ਕਿ ਉਹ ਸਾਰੇ ਸੁਰੱਖਿਅਤ ਬਾਹਰ ਨਿਕਲਣ ’ਚ ਕਾਮਯਾਬ ਰਹੇ। ਹਾਦਸੇ ਮਗਰੋਂ ਮੌਕੇ ’ਤੇ ਖੋਜ ਅਤੇ ਬਚਾਅ ਟੀਮਾਂ ਨੂੰ ਘਰ ਦੀ ਢਾਂਚਾਗਤ ਸਥਿਰਤਾ ਦਾ ਮੁਆਇਨਾ ਕਰਨ ਲਈ ਭੇਜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਨਾ ਤਾਂ ਘਰ ਅਤੇ ਨਾ ਹੀ ਜਹਾਜ਼ ਨੂੰ ਅੱਗ ਲੱਗੀ ਹੈ। ਫਿਲਹਾਲ ਰੈੱਡ ਕਰਾਸ ਨੇ ਬੇਘਰ ਹੋਏ ਪਰਿਵਾਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ।