Winnipeg- ਉੱਤਰੀ ਮੱਧ ਵਿਨੀਪੈਗ ’ਚ ਲਗਭਗ ਤਿੰਨ ਘੰਟਿਆਂ ਦੇ ਅੰਤਰਾਲ ’ਚ ਹੋਈਆਂ ਦੋ ਮੌਤਾਂ ਦੀ ਪੁਲਿਸ ਵਲੋਂ ਹੱਤਿਆ ਦੇ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ ਪਰ ਪੁਲਿਸ ਨੂੰ ਵਿਸ਼ਵਾਸ ਨਹੀਂ ਹੈ ਕਿ ਇਨ੍ਹਾਂ ਦੋਹਾਂ ਮੌਤਾਂ ਦੇ ਤਾਰ ਆਪਸ ’ਚ ਜੁੜੇ ਹੋਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਅੱਧੀ ਰਾਤੀਂ ਕੀਰਬ 1.45 ਵਜੇ ਨੌਰਥ ਐਂਡ ’ਚ ਪਾਵਰਜ਼ ਅਤੇ ਸਲਟਰ ਸਟਰੀਟ ਦੇ ਵਿਚਕਾਰ ਬੁਰੋਜ਼ ਐਵੇਨਿੳ ’ਚ ਸੱਦਿਆ ਗਿਆ। ਇੱਥੇ ਉਨ੍ਹਾਂ ਨੂੰ ਇੱਕ 20 ਸਾਲਾ ਲੜਕੀ ਗੰਭੀਰ ਤੌਰ ’ਤੇ ਜ਼ਖ਼ਮੀ ਹਾਲਤ ’ਚ ਮਿਲੀ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੂੰ ਮੁਤਾਬਕ ਗੰਭੀਰ ਹਾਲਤ ਦੇ ਚੱਲਦਿਆਂ ਉਸ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਰ ਮੰਗਲਵਾਰ ਤੜਕੇ 4:50 ਵਜੇ ਦੇ ਕਰੀਬ, ਉਨ੍ਹਾਂ ਨੂੰ ਇੱਕ ਸ਼ੱਕੀ ਮੌਤ ਬਾਰੇ, ਉੱਤਰੀ ਪੁਆਇੰਟ ਡਗਲਸ ’ਚ ਔਸਟਿਨ ਸਟਰੀਟ ਐਨ ਦੇ ਨੇੜੇ, ਸੇਲਕਿਰਕ ਐਵੇਨਿਊ ਉੱਤੇ ਇੱਕ ਬਹੁ-ਕਿਰਾਏਦਾਰ ਨਿਵਾਸ ’ਚ ਬੁਲਾਇਆ ਗਿਆ। ਜਾਣਕਾਰੀ ਮਿਲਣ ਮਗਰੋਂ ਵਿਨੀਪੈਗ ਫਾਇਰ ਪੈਰਾਮੈਡਿਕ ਸੇਵਾ ਦਾ ਇੱਕ ਅਮਲਾ ਪਹਿਲਾਂ ਮੌਕੇ ’ਤੇ ਪਹੁੰਚਿਆ ਸੀ ਅਤੇ ਉੱਥੇ ਉਨ੍ਹਾਂ ਇੱਕ ਮ੍ਰਿਤਕ ਵਿਅਕਤੀ ਮਿਲਿਆ। ਪੁਲਿਸ ਨੇ ਮਿ੍ਰਤਕ ਦੀ ਉਮਰ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਪੁਸ਼ਟੀ ਕੀਤੀ ਹੈ ਕਿ ਉਹ ਬਾਲਗ ਸੀ।
ਪੁਲਿਸ ਦਾ ਕਹਿਣਾ ਹੈ ਕਿ ਹੋਮੀਸਾਈਡ ਯੂਨਿਟ ਦੇ ਜਾਂਚਕਰਤਾ ਇਨ੍ਹਾਂ ਦੋਹਾਂ ਮੌਤਾਂ ਦੇ ਮਾਮਲਿਆਂ ਨੂੰ ਲੈ ਕੇ ਜਾਂਚ ਕਰ ਰਹੇ ਹਨ ਅਤੇ ਇਸ ਸੰਬੰਧ ’ਚ ਉਨ੍ਹਾਂ ਨੇ ਆਮ ਜਨਤਾ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।