Toronto- ਬਰੈਡਫੋਰਡ ’ਚ ਐਤਵਾਰ ਸਵੇਰੇ ਇੱਕ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਓਨਟਾਰੀਓ ਟਰਾਂਸਪੋਰਟੇਸ਼ਨ ਮੰਤਰਾਲੇ ਦੇ ਸਬ-ਕੰਟਰੈਕਟਰ ਦੇ ਦੋ ਕਰਮਚਾਰੀ ਜ਼ਖਮੀ ਹੋ ਗਏ। ਇਸ ਹਾਦਸੇ ’ਚ ਇੱਕ ਕਰਮਚਾਰੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਇਹ ਟੱਕਰ ਸਵੇਰੇ 7 ਵਜੇ ਤੋਂ ਬਾਅਦ ਪੰਜਵੀਂ ਲਾਈਨ ’ਤੇ ਦੱਖਣ ਵੱਲ ਜਾਣ ਵਾਲੇ ਹਾਈਵੇਅ 400 ’ਤੇ ਹੋਈ।
ਓਪੀਪੀ ਦੇ ਅਨੁਸਾਰ, ਹਾਈਵੇਅ ’ਤੇ ਕੁਝ ਸਮਾਂ ਪਹਿਲਾਂ ਹੋਈ ਇੱਕ ਵਾਹਨ ਦੀ ਟੱਕਰ ਤੋਂ ਬਾਅਦ ਦੋ ਕਰਮਚਾਰੀ ਆਪਣੇ ਵਾਹਨਾਂ ਤੋਂ ਬਾਹਰ ਖੜ੍ਹੇ ਸਨ। ਇਸੇ ਦੌਰਾਨ ਇੱਕ ਯਾਤਰੀ ਵਾਹਨ ਘਟਨਾ ਵਾਲੀ ਥਾਂ ’ਤੇ ਪਹੁੰਚਿਆ ਅਤੇ ਕਰਮਚਾਰੀਆਂ ਵਲੋਂ ਹਾਈਵੇਅ ਨੂੰ ਬੰਦ ਕਰਨ ਲਈ ਖੜ੍ਹੇ ਕੀਤੇ ਟਰੱਕਾਂ ’ਚੋਂ ਇੱਕ ਉਸ ਨੂੰ ਨੇ ਟੱਕਰ ਮਾਰ ਦਿੱਤੀ।
ਪੁਲਿਸ ਨੇ ਦੱਸਿਆ ਕਿ ਉਸ ਵਾਹਨ ਦੇ ਡਰਾਈਵਰ ਅਤੇ ਯਾਤਰੀ ਨੂੰ ਵੀ ਸੱਟਾਂ ਲੱਗਣ ਕਾਰਨ ਨਾਲ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਹਾਦਸੇ ’ਚ ਜ਼ਖ਼ਮੀ ਹੋਏ ਦੋਹਾਂ ਕਰਮਚਾਰੀਆਂ ’ਚੋਂ ਇੱਕ ਦੀ ਹਾਲਤ ਕਾਫ਼ੀ ਗੰਭੀਰ ਹੈ ਅਤੇ ਦੋਹਾਂ ਦਾ ਫਿਲਹਾਲ ਟਰੋਮਾ ਸੈਂਟਰ ’ਚ ਇਲਾਜ ਚੱਲ ਰਿਹਾ ਹੈ। ਔਰੇਂਜ ਏਅਰ ਐਂਬੂਲੈਂਸ ਦਾ ਕਹਿਣਾ ਹੈ ਕਿ ਜ਼ਖ਼ਮੀ ਹੋਏ ਦੋਹਾਂ ਕਰਮਚਾਰੀਆਂ ’ਚ ਇੱਕ 20 ਸਾਲਾ ਔਰਤ ਸ਼ਾਮਿਲ ਹੈ। ਉੱਥੇ ਹੀ ਦੂਜੇ ਕਰਮਚਾਰੀ ਦੀ ਪਹਿਚਾਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਹਾਈਵੇਅ 400 ਦੇ ਦੱਖਣ ਵਾਲੇ ਪਾਸੇ ਨੂੰ ਜਾਂਚ ਦੇ ਚੱਲਦਿਆਂ ਬੰਦ ਕਰ ਦਿੱਤਾ ਅਤੇ ਬਾਅਦ ’ਚ ਇਸ ਨੂੰ ਖੋਲ੍ਹ ਦਿੱਤਾ।