Washington- ਅਮਰੀਕੀ ਸੂਬੇ ਨਾਰਥ ਕੈਰੋਲੀਨਾ ਦੇ ਕਿੱਲ ਡੈਵਿਲ ਹਿੱਲਜ਼ ਇਲਾਕੇ ’ਚ ਅੱਜ ਤੜਕੇ ਇੱਕ ਘਰ ’ਚ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਕਿੱਲ ਡੈਵਿਲ ਹਿੱਲਜ਼ ਫਾਇਰ ਸਰਵਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤੀਂ ਕਰੀਬ 2.30 ਵਜੇ ਇਮਾਰਤ ’ਚ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਮਗਰੋਂ ਕਰਮਾਚਰੀ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੇ ਪਹੁੰਚਣ ਤੱਕ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ’ਚ ਲੈ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਤਿੰਨ ਲੋਕਾਂ ਨੂੰ ਮਿ੍ਰਤਕ ਐਲਾਨਿਆ ਗਿਆ, ਜਦਕਿ ਤਿੰਨ ਹੋਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਗੰਭੀਰ ਹਾਲਤ ’ਚ ਸਥਾਨਕ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਘਰ ’ਚ ਰਹਿਣ ਵਾਲੇ ਦੋ ਹੋਰ ਲੋਕਾਂ ਨੂੰ ਉਨ੍ਹਾਂ ਦੇ ਕੁੱਤਿਆ ਸਮੇਤ ਸੁਰੱਖਿਅਤ ਬਚਾਇਆ ਗਿਆ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਆਸਮਾਨੀ ਬਿਜਲੀ ਪੈਣ ਕਾਰਨ ਇਹ ਹਾਦਸਾ ਵਾਪਰਿਆ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ’ਚ ਭਿਆਨਕ ਤੂਫ਼ਾਨ ਵਗ ਰਹੇ ਹਨ। ਮਿ੍ਰਤਕਾਂ ਦੀ ਪਹਿਚਾਣ ਅਜੇ ਨਹੀਂ ਹੋਈ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਉਹ ਇੱਥੇ ਘੁੰਮਣ ਆਏ ਸਨ ਅਤੇ ਉਨ੍ਹਾਂ ਨੇ ਸਮੁੰਦਰ ਕਿਨਾਰੇ ਬਣੇ ਇਸ ਝੌਂਪੜੀਨੁਮਾ ਘਰ ਨੂੰ ਕਿਰਾਏ ’ਤੇ ਲਿਆ ਹੋਇਆ ਸੀ। ਦੱਸ ਦਈਏ ਕਿ ਇਹ ਝੌਂਪੜੀਨੁਮਾ ਘਰ ਇੱਕ ਇਤਿਹਾਸਕ ਘਰ ਸੀ ਅਤੇ ਇਸ ਨੂੰ ਸਾਲ 1948 ’ਚ ਬਣਾਇਆ ਗਿਆ ਸੀ।