Site icon TV Punjab | Punjabi News Channel

ਟਿੱਕਰੀ ਬਾਰਡਰ ‘ਤੇ ਕਿਸਾਨ ਔਰਤਾਂ ਨੂੰ ਟਰੱਕ ਨੇ ਕੁਚਲਿਆ 3 ਦੀ ਮੌਤ, 2 ਜ਼ਖ਼ਮੀ

ਨਵੀਂ ਦਿੱਲੀ : ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਟਿੱਕਰੀ ਬਾਰਡਰ ਉਤੇ ਸੰਘਰਸ਼ ਕਰ ਰਹੀਆਂ ਕਿਸਾਨ ਮਹਿਲਾਵਾਂ ਨੂੰ ਇਕ ਤੇਜ਼ ਰਫਤਾਰ ਟਰੱਕ ਨੇ ਕੁਚਲ ਦਿੱਤਾ। ਡਿਵਾਈਡਰ ‘ਤੇ ਬੈਠੀਆਂ ਅੰਦੋਲਨਕਾਰੀ ਕਿਸਾਨ ਔਰਤਾਂ ਉਤੇ ਟਰੱਕ ਚੜ੍ਹ ਗਿਆ। ਇਸ ਹਾਦਸੇ ਵਿਚ ਦੋ ਮਹਿਲਾਵਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਤਿੰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ। ਇਕ ਔਰਤ ਦੀ ਹਸਪਤਾਲ ਵਿਚ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀਆਂ ਕਿਸਾਨ ਔਰਤਾਂ ਨੇ ਆਪਣੇ ਘਰ ਜਾਣ ਲਈ ਰੇਲਵੇ ਸਟੇਸ਼ਨ ਪਹੁੰਚਣਾ ਸੀ, ਜੋ ਆਟੋ ਦੀ ਉਡੀਕ ਕਰ ਰਹੀਆਂ ਸਨ। ਇਹ ਘਟਨਾ ਝੱਜਰ ਰੋਡ ਉਤੇ ਫਲਾਈਓਵਰ ਦੇ ਹੇਠਾਂ ਵਾਪਰੀ।

ਤੇਜ਼ ਰਫਤਾਰ ਟਰੱਕ ਮਿੱਟੀ ਨਾਲ ਭਰਿਆ ਹੋਇਆ ਸੀ। ਟਰੱਕ ਡਰਾਈਵਰ ਮੌਕੇ ਉਤੇ ਫਰਾਰ ਹੋ ਗਿਆ। ਇਹ ਸਾਰੀਆਂ ਔਰਤਾਂ ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਨੇੜਲੇ ਪਿੰਡ ਖੀਵਾ ਦਿਆਲੂ ਵਾਲਾ ਦੀਆਂ ਵਸਨੀਕ ਸਨ।

ਮਿ੍ਤਕ ਔਰਤਾਂ ਦੀ ਪਛਾਣ ਅਮਰਜੀਤ ਕੌਰ ਪਤਨੀ ਹਰਜੀਤ ਸਿੰਘ (58), ਗੁਰਮੇਲ ਕੌਰ ਪਤਨੀ ਭੋਲਾ ਸਿੰਘ ( 60), ਛਿੰਦਰ ਕੌਰ ਪਤਨੀ ਭਾਨ ਸਿੰਘ ( 61) ਵਜੋਂ ਹੋਈ ਹੈ। ਜ਼ਖ਼ਮੀ ਔਰਤਾਂ ਵਿਚ ਗੁਰਮੇਲ ਕੌਰ ਪਤਨੀ ਮੇਹਰ ਸਿੰਘ, ਹਰਜੀਤ ਕੌਰ ਪਤਨੀ ਗੁਰਤੇਜ ਸਿੰਘ ਸ਼ਾਮਲ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਟੀਵੀ ਪੰਜਾਬ ਬਿਊਰੋ 

Exit mobile version