ਘਰ ’ਚ ਧਮਾਕਾ ਹੋਣ ਕਾਰਨ ਦੋ ਬੱਚਿਆਂ ਸਣੇ ਚਾਰ ਲੋਕਾਂ ਦੀ ਮੌਤ

New Jersey- ਅਮਰੀਕਾ ਦੇ ਨਿਊ ਜਰਸੀ ਵਿਖੇ ਇੱਕ ਘਰ ’ਚ ਧਮਾਕਾ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਮਿ੍ਰਤਕਾਂ ’ਚ ਦੋ ਛੋਟੇ ਬੱਚੇ ਵੀ ਸ਼ਾਮਿਲ ਹਨ। ਉੱਥੇ ਹੀ ਇਸ ਹਾਦਸੇ ’ਚ ਇੱਕ ਬੱਚੀ ਅਤੇ ਲੜਕੀ ਬੁਰੀ ਤਰ੍ਹਾਂ ਝੁਲਸ ਗਈਆਂ। ਫਰੈਂਕਲਿਨ ਟਾਊਨਸ਼ਿਪ ਪੁਲਿਸ ਦੇ ਮੁਖੀ ਮੈਥਿਊ ਡੀਸੇਸਰੀ ਮੁਤਬਾਕ ਪੁਲਿਸ ਨੂੰ ਦੱਖਣੀ ਜਰਸੀ ਦੇ ਬੁਏਨਾ ਸ਼ਹਿਰ ’ਚ ਸਵੇਰੇ 10.35 ਵਜੇ ਇਸ ਹਾਦਸੇ ਦੀ ਜਾਣਕਾਰੀ ਮਿਲੀ। ਉਨ੍ਹਾਂ ਦੱਸਿਆ ਹਾਦਸੇ ਤੋਂ ਬਾਅਦ ਦੋ ਲੜਕੀਆਂ, ਜਿਨ੍ਹਾਂ ਦੀ ਉਮਰ ਕ੍ਰਮਵਾਰ 1 ਅਤੇ 16 ਸਾਲ ਹੈ, ਨੂੰ ਅੱਗ ’ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਿਆ ਗਿਆ, ਜਿਨ੍ਹਾਂ ’ਚੋਂ ਬੱਚੀ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ। ਡੀਸੇਸਰੀ ਨੇ ਦੱਸਿਆ ਦੋਹਾਂ ਲੜਕੀਆਂ ਤੋਂ ਇਲਾਵਾ ਹਾਦਸੇ ਵੇਲੇ ਚਾਰ ਹੋਰ ਲੋਕ ਘਰ ’ਚ ਮੌਜੂਦ ਸਨ, ਜਿਨ੍ਹਾਂ ’ਚ ਢਾਈ ਸਾਲਾ ਲੜਕਾ, ਸਾਢੇ ਤਿੰਨ ਸਾਲਾ ਲੜਕੀ, ਇਕ 52 ਸਾਲਾ ਵਿਅਕਤੀ ਅਤੇ 73 ਸਾਲਾ ਵਿਅਕਤੀ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਚਾਰਾਂ ਦੀਆਂ ਲਾਸ਼ਾਂ ਇਮਾਰਤ ਦੇ ਮਲਬੇ ’ਚੋਂ ਬਰਾਮਦ ਕਰ ਲਈਆਂ ਗਈਆਂ ਹਨ।
ਡੇਸੀਸਰੀ ਮੁਤਾਬਕ ਧਮਾਕਾ ਕਾਫ਼ੀ ਜ਼ਬਰਦਸਤ ਸੀ, ਜਿਸ ਕਾਰਨ ਆਲੇ-ਦੁਆਲੇ ਦੀਆਂ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਸ਼ੁਰੂਆਤ ’ਚ ਪੁਲਿਸ ਨੇ ਇਸ ਨੂੰ ਅਪਰਾਧਿਕ ਜਾਂਚ ਦੇ ਰੂਪ ’ਚ ਦੇਖ ਰਹੀ ਹੈ।