ਸਕੂਲਾਂ ਵਿਚ ਇਕ ਵਾਰ ਫਿਰ ਕੋਰੋਨਾ ਸੰਕ੍ਰਮਣ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਸਰਕਾਰ ਵੱਲੋਂ 26 ਜੁਲਾਈ ਤੋਂ ਦਸਵੀਂ ਤੋਂ ਬਾਰ੍ਹਵੀਂ ਜਮਾਤ ਅਤੇ 2 ਅਗਸਤ ਤਕ ਸਾਰੇ ਸਕੂਲ ਖੋਲ੍ਹੇ ਗਏ ਹਨ। ਇਸ ਤੋਂ ਬਾਅਦ ਮੁੱਖ ਸਕੱਤਰ ਪੰਜਾਬ ਵੱਲੋਂ ਸਕੂਲਾਂ ਵਿਚ ਰੋਜ਼ਾਨਾ ਟੈਸਟ ਕਰਵਾਉਣ ਦੀ ਗੱਲ ਕਹੀ ਗਈ ਹੈ। ਇਸ ਤਹਿਤ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਸਤੀ ਜੋਧੇਵਾਲ, ਨਿਊ ਸੁਭਾਸ਼ ਨਗਰ ਵਿਚ 41 ਵਿਦਿਆਰਥੀਆਂ ਦੇ ਰੈਪਿਡ ਟੈਸਟ ਲਏ ਗਏ ਜਿਸ ਵਿਚ ਇਕੋ ਜਮਾਤ ਦੇ ਅੱਠ ਵਿਦਿਆਰਥੀ ਪਾਜ਼ੇਟਿਵ ਆਏ।
ਦੱਸ ਦੇਈਏ ਕਿ ਸਕੂਲ ਦੇ ਅੱਠ ਵਿਦਿਆਰਥੀ 11 ਵੀਂ ਕਲਾਸ ਦੇ ਹਨ। ਇਸ ਤੋਂ ਬਾਅਦ, ਸਕੂਲ ਦੇ 11 ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਲੱਗ ਕਰ ਦਿੱਤਾ ਗਿਆ ਹੈ ਅਤੇ ਸਾਰਿਆਂ ਲਈ ਆਰਟੀਜੀਐਸ ਟੈਸਟ ਵੀ ਕੀਤੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਦੋ ਤੋਂ ਤਿੰਨ ਦਿਨਾਂ ਵਿੱਚ ਆਉਣੀ ਹੈ। ਸਕੂਲ ਦੋ ਸ਼ਿਫਟਾਂ ਵਿੱਚ ਚੱਲ ਰਿਹਾ ਹੈ।ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀ ਸਵੇਰ ਦੀ ਸ਼ਿਫਟ ਵਿੱਚ ਅਤੇ 11 ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀ ਦੁਪਹਿਰ ਦੀ ਸ਼ਿਫਟ ਵਿੱਚ ਸਕੂਲ ਆ ਰਹੇ ਹਨ। ਸਕੂਲ ਦੇ 11 ਵੀਂ ਅਤੇ 12 ਵੀਂ ਜਮਾਤ ਦੇ ਕੁੱਲ 500 ਵਿਦਿਆਰਥੀ, ਜਿਨ੍ਹਾਂ ਵਿੱਚੋਂ 120 ਤੋਂ 150 ਵਿਦਿਆਰਥੀ ਇਸ ਸਮੇਂ ਸਕੂਲ ਆ ਰਹੇ ਹਨ।
ਇਥੇ ਬਸਤੀ ਜੋਧੇਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 8 ਬੱਚੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਸਿਹਤ ਵਿਭਾਗ ਵਿਚ ਹੜਕੰਪ ਮਚ ਗਿਆ ਹੈ। ਵਿਭਾਗ ਨੇ ਚੌਕਸੀ ਵਰਤਦੇ ਹੋਏ ਬਾਕੀ ਸਾਰੇ ਬੱਚਿਆਂ ਨੂੰ ਕੁਆਰੰਟੀਨ ਕਰ ਦਿੱਤਾ ਹੈ। ਫਿਲਹਾਲ ਕਾਂਟੈਕਟ ਟ੍ਰੇਸਿੰਗ ਕੀਤੀ ਜਾ ਰਹੀ ਹੈ। ਇਹ ਜਾਣਾਕਾਰੀ ਜ਼ਿਲ੍ਹਾ ਐਪੀਡਿਮੋਲਾਜਿਸਟ ਡਾ. ਰਮੇਸ਼ ਕੁਮਾਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਬਾਕੀ ਬੱਚਿਆਂ ਦੀ ਵੀ ਸੈਂਪਲਿੰਗ ਕੀਤੀ ਜਾ ਰਹੀ ਹੈ।