ਅੰਮਿ੍ਤਸਰ : ਪੰਜਾਬ ਵਿਚ ਘੱਟ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਹੈ। ਅੰਮਿ੍ਤਸਰ ਤੋਂ ਪਿਛਲੇ 16 ਮਹੀਨਿਆਂ ਤੋਂ ਬੰਦ ਪਈਆਂ ਨੌਂ ਰੇਲ ਗੱਡੀਆਂ ਨੂੰ ਹਰੀ ਝੰਡੀ ਮਿਲ ਗਈ ਹੈ। ਇਹ ਰੇਲ ਗੱਡੀਆਂ ਜੁਲਾਈ ਮਹੀਨੇ ਤੋਂ ਸ਼ੁਰੂ ਹੋ ਜਾਣਗੀਆਂ ਅਤੇ ਇਨ੍ਹਾਂ ਦੀ ਤਰੀਕ ਵੀ ਤੈਅ ਕਰ ਦਿੱਤੀ ਗਈ ਹੈ।
ਰੇਲ ਗੱਡੀਆਂ ਦੇ ਸ਼ੁਰੂ ਹੋਣ ਜਾਣ ਤੋਂ ਬਾਅਦ ਯਾਤਰੀਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਖ਼ਾਸ ਤੌਰ ‘ਤੇ ਪਾਲਣ ਕਰਨਾ ਪਵੇਗਾ। ਮਾਸਕ ਪਾਉਣਾ, ਹੈਂਡ ਸੈਨੀਟਾਈਜ਼ਰ, ਦਸਤਾਨਿਆਂ ਆਦਿ ਦੀ ਵਰਤੋਂ ਕਰਨਾ ਅਤੇ ਸਰੀਰਕ ਦੂਰੀ ਦਾ ਖ਼ਿਆਲ ਰੱਖਣਾ ਜ਼ਰੂਰੀ ਹੋਵੇਗਾ।
ਫਿਰੋਜ਼ਪੁਰ ਦੇ ਡੀਆਰਐੱਮ ਰਾਜੇਸ਼ ਅਗਰਵਾਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਯਾਤਰੀਆਂ ਦੀ ਮੰਗ ‘ਤੇ ਵਿਚਾਰ ਕਰਦੇ ਹੋਏ ਰੇਲ ਮੰਤਰਾਲੇ ਨੇ ਵੱਖ-ਵੱਖ ਮੰਡਲਾਂ ਤੋਂ ਪਹਿਲੀ ਜੁਲਾਈ 2021 ਤੋਂ ਕਈ ਰੇਲ ਗੱਡੀਆਂ ਚਲਾਉਣ ਦੀ ਹਰੀ ਝੰਡੀ ਦਿੱਤੀ ਹੈ। ਅੰਮਿ੍ਤਸਰ ਤੋਂ ਨੌਂ ਜੋੜੀ ਮੇਲ ਐਕਸਪ੍ਰੈੱਸ ਸਪੈਸ਼ਲ ਟ੍ਰੇਨਾਂ ਸ਼ਾਮਲ ਹਨ, ਜਦਕਿ ਇਕ ਡੀਐੱਮਯੂ ਟ੍ਰੇਨ ਵੀ ਸ਼ਾਮਲ ਹੈ। ਨੌਂ ਮੇਲ ਐਕਸਪ੍ਰੈੱਸ ਸਪੈਸ਼ਲ ਟ੍ਰੇਨਾਂ ਤਾਂ ਕੋਰੋਨਾ ਮਹਾਮਾਰੀ ਤੋਂ ਬਾਅਦ ਤੋਂ ਹੁਣ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਗੱਡੀਆਂ ਨੂੰ ਮਿਲੀ ਹਰੀ ਝੰਡੀ
6 ਜੁਲਾਈ ਨੂੰ ਨਵੀਂ ਦਿੱਲੀ ਅੰਮਿ੍ਤਸਰ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਸਪੈਸ਼ਲ (04067-68), 5 ਜੁਲਾਈ ਨੂੰ ਚੰਡੀਗੜ੍ਹ ਅੰਮਿ੍ਤਸਰ ਇੰਟਰਸਿਟੀ ਐਕਸਪ੍ਰੈੱਸ ਸਪੈਸ਼ਲ (04561-62), 7 ਜੁਲਾਈ ਨੂੰ ਅੰਮਿ੍ਤਸਰ-ਸਹਰਸਾ ਗ਼ਰੀਬ ਰੱਥ ਐਕਸਪ੍ਰੈੱਸ ਸਪੈਸ਼ਲ (04688), 5 ਜੁਲਾਈ ਨੂੰ ਅੰਮਿ੍ਤਸਰ ਹਜ਼ੂਰ ਸਾਹਿਬ ਨਾਂਦੇੜ ਸੁਪਰਫਾਸਟ ਐਕਸਪ੍ਰੈੱਸ ਸਪੈਸ਼ਲ (04692), 11 ਜੁਲਾਈ ਨੂੰ ਅੰਮਿ੍ਤਸਰ ਕੋਚੀਵਲੀ ਸੁਪਰਫਾਸਟ ਐਕਸਪ੍ਰੈੱਸ (04696), 10 ਜੁਲਾਈ ਨੂੰ ਅੰਮਿ੍ਤਸਰ ਲਾਲ ਕੂਆਂ ਐਕਸਪ੍ਰੈੱਸ ਸਪੈਸ਼ਲ (04684), 5 ਜੁਲਾਈ ਨੂੰ ਦੇਹਰਾਦੂਨ ਅੰਮਿ੍ਤਸਰ ਐਕਸਪ੍ਰੈੱਸ ਸਪੈਸ਼ਲ (04663-64), 5 ਜੁਲਾਈ ਨੂੰ ਅੰਮਿ੍ਤਸਰ ਨਵੀਂ ਦਿੱਲੀ ਇੰਟਰਸਿਟੀ ਐਕਸਪ੍ਰਰੈੱਸ ਸਪੈਸ਼ਲ (04666) ਆਪਣੀ ਮੰਜ਼ਿਲ ਵੱਲ ਰਵਾਨਾ ਹੋਣਗੀਆਂ। ਇਨ੍ਹਾਂ ਗੱਡੀਆਂ ਲਈ ਸਪੈਸ਼ਲ ਤੌਰ ‘ਤੇ ਰਿਜ਼ਰਵੇਸ਼ਨ ਕਰਵਾ ਕੇ ਹੀ ਯਾਤਰੀ ਸਫ਼ਰ ਕਰ ਸਕਣਗੇ।
ਟੀਵੀ ਪੰਜਾਬ ਬਿਊਰੋ