PAU ਦੇ ਵਰਚੁਅਲ ਕਿਸਾਨ ਮੇਲੇ ਦੇ ਦੂਸਰੇ ਦਿਨ ਵਿਚਾਰ ਚਰਚਾ ਸੈਸ਼ਨ ਹੋਏ

ਲੁਧਿਆਣਾ : ਪੀ.ਏ.ਯੂ. ਵੱਲੋਂ ਲਾਏ ਗਏ ਕਿਸਾਨ ਮੇਲੇ ਦੇ ਦੂਸਰੇ ਦਿਨ ਅੱਜ ਮਾਹਿਰਾਂ ਵੱਲੋਂ ਵੱਖ-ਵੱਖ ਖੇਤੀ ਵਿਸ਼ਿਆਂ ਬਾਰੇ ਵਿਚਾਰ-ਚਰਚਾ ਸੈਸ਼ਨ ਹੋਏ। ਮੇਲੇ ਦੇ ਸਮਾਪਤੀ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਸ਼ਾਮਿਲ ਹੋਏ। ਡਾ. ਬੈਂਸ ਨੇ ਲੱਖਾਂ ਦੀ ਗਿਣਤੀ ਵਿਚ ਕਿਸਾਨਾਂ ਵੱਲੋਂ ਵਰਚੁਅਲ ਕਿਸਾਨ ਮੇਲੇ ਦਾ ਹਿੱਸਾ ਬਣਨ ਉੱਪਰ ਤਸੱਲੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਇਸ ਮੇਲੇ ਦੀ ਸਫਲਤਾ ਨੇ ਇਕ ਵਾਰ ਫਿਰ ਪੀ.ਏ.ਯੂ. ਅਤੇ ਕਿਸਾਨਾਂ ਦੇ ਨੇੜਲੇ ਸੰਬੰਧਾਂ ਨੂੰ ਪ੍ਰਦਰਸ਼ਿਤ ਕੀਤਾ ਹੈ। ਡਾ ਬੈਂਸ ਨੇ ਕਿਹਾ ਕਿ ਪੀ ਏ ਯੂ ਦੀਆਂ ਖੋਜ ਗਤੀਵਿਧੀਆਂ ਉੱਪਰ ਕਿਸਾਨਾਂ ਵਲੋਂ ਆਏ ਸੁਝਾਵਾਂ ਦਾ ਗਹਿਰਾ ਅਸਰ ਹੁੰਦਾ ਹੈ।

ਉਨ੍ਹਾਂ ਯੂਨੀਵਰਸਿਟੀ ਵੱਲੋਂ ਲਗਾਤਾਰ ਕਿਸਾਨੀ ਦੀ ਬਿਹਤਰੀ ਲਈ ਯਤਨਸ਼ੀਲ ਰਹਿਣ ਦਾ ਪ੍ਰਣ ਦੁਹਰਾਇਆ। ਇਸ ਸੈਸ਼ਨ ਵਿਚ ਸਵਾਗਤੀ ਸ਼ਬਦ ਬੋਲਦਿਆਂ ਨਿਰਦੇਸ਼ਕ ਪਸਾਰ ਸਿਖਿਆ ਡਾ ਜਸਕਰਨ ਸਿੰਘ ਮਾਹਲ ਨੇ ਕਿਸਾਨਾਂ ਦੇ ਮੇਲੇ ਪ੍ਰਤੀ ਦਿਖਾਏ ਉਤਸ਼ਾਹ ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਦੱਸਿਆ ਕਿ ਲਗਭਗ ਪੌਣੇ 7 ਲੱਖ ਕਿਸਾਨ ਦੋ ਦਿਨਾਂ ਵਿਚ ਇਸ ਮੇਲੇ ਨਾਲ ਜੁੜੇ ਹਨ। ਉਹਨਾਂ ਕਿਹਾ ਕਿ ਇਸ ਮੇਲੇ ਦੌਰਾਨ ਚਲੰਤ ਖੇਤੀ ਮਸਲਿਆਂ ਬਾਰੇ ਮਾਹਿਰਾਂ ਨੇ ਨਾ ਸਿਰਫ ਨਵੇਂ ਨੁਕਤੇ ਹੀ ਕਿਸਾਨਾਂ ਨੂੰ ਦੱਸੇ ਬਲਕਿ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।

ਇਸ ਤੋਂ ਇਲਾਵਾ ਵਿਭਿੰਨ ਵਿਸ਼ਿਆਂ ਬਾਰੇ ਵੀਡੀਓਜ਼ ਦੇਖ ਕੇ ਕਿਸਾਨਾਂ ਨੇ ਆਪਣੀ ਖੇਤੀ ਜਾਣਕਾਰੀ ਵਿਚ ਭਰਪੂਰ ਵਾਧਾ ਕੀਤਾ। ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਮਿਲੀਆਂ ਰਾਵਾਂ ਅਤੇ ਸੁਝਾਅ ਭਵਿੱਖ ਵਿਚ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਉੱਪਰ ਭਰਵਾਂ ਅਸਰ ਪਾਉਣ ਵਿਚ ਸਫਲ ਹੋਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਦੀ ਸੰਭਾਲ ਬਿਨਾਂ ਅੱਗ ਲਾਏ ਕਰਨ ਤੇ ਇਸ ਲਈ ਪੀ ਏ ਯੂ ਹਰ ਢੁਕਵੀਂ ਅਗਵਾਈ ਲਈ ਹਮੇਸ਼ਾ ਹਾਜ਼ਿਰ ਹੈ। ਅੱਜ ਦੇ ਤਕਨੀਕੀ ਸੈਸ਼ਨਾਂ ਵਿਚ ਪਹਿਲਾ ਸੈਸ਼ਨ ਕੁਦਰਤੀ ਸਰੋਤ ਪ੍ਰਬੰਧਨ ਵਾਲੀਆਂ ਤਕਨੀਕਾਂ ਬਾਬਤ ਸੀ।

ਇਸ ਵਿਚ ਡਾ. ਓ ਪੀ ਚੌਧਰੀ ਤੋਂ ਇਲਾਵਾ ਡਾ. ਰਾਕੇਸ਼ ਸ਼ਾਰਦਾ, ਡਾ. ਵੀ ਐਸ ਹਾਂਸ,ਡਾ ਕਮਲਜੀਤ ਸੂਰੀ, ਡਾ ਸੰਜੀਵ ਚੌਹਾਨ, ਡਾ ਸਿੱਕਾ ਸ਼ਾਮਿਲ ਹੋਏ। ਇਸ ਸੈਸ਼ਨ ਵਿਚ ਤੁਪਕਾ ਸਿੰਚਾਈ ਪ੍ਰਣਾਲੀ ਤੋਂ ਇਲਾਵਾ ਮੀਂਹ ਦੇ ਪਾਣੀ ਦੀ ਸੰਭਾਲ ਬਾਰੇ ਵਿਸਥਾਰ ਨਾਲ ਗੱਲਬਾਤ ਹੋਈ। ਮਾਹਿਰਾਂ ਦਾ ਵਿਚਾਰ ਸੀ ਕਿ ਪਾਣੀ ਬਚਾਉਣ ਵਾਲੀਆਂ ਨਵੀਆਂ ਤਕਨੀਕਾਂ ਅਪਨਾਉਣ ਨਾਲ ਪਾਣੀ ਤੇ ਹੋਰ ਸਰੋਤਾਂ ਦੀ ਸੰਭਾਲ ਹੋ ਸਕੇਗੀ। ਦੂਜਾ ਸੈਸ਼ਨ ਪਸ਼ੂਧਨ ਅਤੇ ਸਹਾਇਕ ਧੰਦਿਆਂ ਬਾਰੇ ਸੀ। ਇਸ ਵਿਚ ਡਾ ਮੀਰਾ ਅੰਸਲ, ਡਾ ਰਵਿੰਦਰ ਗਰੇਵਾਲ, ਡਾ ਜਸਪਾਲ ਸਿੰਘ, ਡਾ ਅਮਿਤ ਸ਼ਰਮਾ, ਡਾ ਮਨਦੀਪ ਸਿੰਗਲਾ, ਡਾ ਨਿਤਿਕਾ ਗੋਇਲ, ਡਾ ਸ਼ਿਵਾਨੀ ਸ਼ਰਮਾ ਮਾਹਿਰਾਂ ਵਜੋਂ ਸ਼ਾਮਿਲ ਹੋਏ।

ਤੀਸਰੇ ਸੈਸ਼ਨ ਵਿਚ ਪ੍ਰੋਸੈਸਿੰਗ, ਮੁੱਲ ਵਾਧੇ ਅਤੇ ਕਿਸਾਨ ਨਿਰਮਾਤਾ ਸੰਗਠਨਾਂ ਦੀ ਨਿਰਮਾਣਕਾਰੀ ਬਾਰੇ ਵਿਚਾਰ-ਚਰਚਾ ਹੋਈ। ਇਸ ਸੈਸ਼ਨ ਵਿਚ ਡਾ. ਪੂਨਮ ਏ ਸਚਦੇਵ ਤੋਂ ਇਲਾਵਾ ਡਾ. ਮਹੇਸ਼ ਕੁਮਾਰ, ਡਾ. ਜਸਵਿੰਦਰ ਕੌਰ ਬਰਾੜ, ਡਾ. ਕਿਰਨਜੋਤ ਸਿੱਧੂ ਅਤੇ ਡਾ. ਖੁਸ਼ਦੀਪ ਧਰਨੀ ਸ਼ਾਮਿਲ ਹੋਏ । ਇਸ ਸੈਸ਼ਨ ਵਿਚ ਮਾਹਿਰਾਂ ਨੇ ਕਿਸਾਨਾਂ ਨੂੰ ਜਿਣਸਾਂ ਤੋਂ ਉਤਪਾਦ ਬਨਾਉਣ ਲਈ ਨਵੇਂ ਮੰਡੀਕਰਨ ਤਰੀਕੇ ਸੁਝਾਏ। ਸਮਾਪਤੀ ਸੈਸ਼ਨ ਵਿਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਮੇਲੇ ਦੀ ਸਫਲਤਾ ਲਈ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਬਾਖੂਬੀ ਕੀਤਾ।

ਟੀਵੀ ਪੰਜਾਬ ਬਿਊਰੋ