Vancouver – ਕਿਊਬੈੱਕ ਵੱਲੋਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤੀ ਕੀਤੀ ਜਾ ਰਹੀ ਹੈ। ਹੁਣ ਕਿਊਬੈੱਕ ਦੇ ਸਕੂਲਾਂ ਤੇ ਹਸਪਤਾਲਾਂ ਬਾਹਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਪ੍ਰੀਮੀਅਰ ਵੱਲੋਂ ਇਸ ਦੇ ਖ਼ਿਲਾਫ਼ ਬਿੱਲ ਲਿਆਂਦਾ ਗਿਆ ਹੈ। ਪ੍ਰੀਮੀਅਰ ਲਿਗੋਅ ਵੱਲੋਂ ਸੂਬੇ ਦੀ ਅਸੈਂਬਲੀ ਵਿਚ ਇੱਕ ਨਵਾਂ ਬਿਲ ਪੇਸ਼ ਕੀਤਾ ਹੈ ਜਿਸ ਮੁਤਾਬਿਕ ਸਕੂਲਾਂ, ਹਸਪਤਾਲਾਂ ਅਤੇ ਵੈਕਸੀਨੇਸ਼ਨ ਸੈਂਟਰਜ਼ ਦੇ 50 ਮੀਟਰ ਦੇ ਦਾਇਰੇ ਵਿਚ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਲੱਗ ਸਕਦਾ ਹੈ।
ਜੋ ਬਿਲ ਪੇਸ਼ ਕੀਤਾ ਗਿਆ ਉਸ ਮੁਤਾਬਿਕ ਹੁਣ ਕਿਊਬੈੱਕ ਦੇ ਸਕੂਲਾਂ, ਡੇ−ਕੇਅਰਾਂ, ਹਸਪਤਾਲਾਂ, ਕਲਿਨਿਕਸ, ਕੋਵਿਡ ਵੈਕਸੀਨ ਦੀਆਂ ਥਾਂਵਾਂ ਅਤੇ ਕੋਵਿਡ ਟੈਸਟਿੰਗ ਕੇਂਦਰਾਂ ਦੇ 50 ਮੀਟਰ ਦੇ ਦਾਇਰੇ ਵਿਚ ਹੁਣ ਪ੍ਰਦਰਸ਼ਨ ਕਰਨਾ ਗ਼ੈਰਕਾਨੂੰਨੀ ਹੋਵੇਗਾ। ਇਹ ਕਾਨੂੰਨ ਮੋਬਾਇਲ ਕਲਿਨਿਕਸ ‘ਤੇ ਵੀ ਲਾਗੂ ਹੋਵੇਗਾ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਦੌਰਾਨ ਸੂਬੇ ਦੇ ਕਈ ਹਸਪਤਾਲਾਂ ਅਤੇ ਸਕੂਲਾਂ ਦੇ ਬਾਹਰ ਵੈਕਸੀਨ-ਵਿਰੋਧੀ ਪ੍ਰਦਰਸ਼ਨਾਂ ਨੂੰ ਧਿਆਨ ‘ਚ ਰੱਖਦਿਆਂ ਇਹ ਬਿੱਲ ਲਿਆਂਦਾ ਗਿਆ। ਜਿਸ ਦੇ ਮੁਤਾਬਿਕ ਪ੍ਰਦਰਸ਼ਨ ਵਿਚ ਹਿੱਸਾ ਲੈਣ ਵਾਲਿਆਂ ਨੂੰ $1000 ਤੋਂ ਲੈ ਕੇ $6000 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਬਿਲ ਦੇ ਮੁਤਾਬਿਕ ਹੈਲਥ ਸੈਕਟਰ ਦੇ ਨਾਲ ਸੰਬੰਧਿਤ ਲੋਕਾਂ ਨੂੰ ਧਮਕਾਉਣ ਜਾਂ ਡਰਾਉਣ’ ਵਾਲੇ ਨੂੰ ਵੱਧ ਜੁਰਮਾਨਾ ਹੋਵੇਗਾ। ਜਿਸ ਦਾ ਮਤਲੱਬ ਹੈ ਕਿ ਉਨ੍ਹਾਂ ਨੂੰ $ 2,000 ਤੋਂ ਲੈਕੇ $ 6000 ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਇਸ ਬਿੱਲ ਬਾਰੇ ਬੋਲਦਿਆਂ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਕਿਹਾ ਸੀ ਕਿ ਇਹ ਬਿਲ ਜ਼ਰੂਰੀ ਹੈ ਅਤੇ ਪ੍ਰਦਰਸ਼ਨਕਾਰੀਆਂ ਨੂੰ ਲੈਕੇ ਸਖ਼ਤ ਕਦਮ ਚੁੱਕਣਾ ਜ਼ਰੂਰੀ ਸੀ।