ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਫ ਕਰ ਦਿੱਤਾ ਕਿ ਉਹ ਕਾਂਗਰਸ ਨੂੰ ਛੱਡਣ ਦਾ ਮਨ ਬਣਾ ਚੁੱਕੇ ਹਨ। ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ‘ਚ ਕੈਪਟਨ ਨੇ ਕਿਹਾ ਕਿ ਅਜੇ ਤੱਕ ਉਹ ਕਾਂਗਰਸ ‘ਚ ਹਨ ਪਰ ਉਹ ਜ਼ਿਆਦਾ ਦੇਰ ਤੱਕ ਕਾਂਗਰਸ ਨਾਲ ਜੁੜੇ ਨਹੀਂ ਰਹਿਣਗੇ ਅਤੇ ਭਾਜਪਾ ‘ਚ ਵੀ ਸ਼ਾਮਲ ਨਹੀਂ ਹੋਣਗੇ।
ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਲੰਬਾ ਸਮਾਂ ਕਾਂਗਰਸ ਦੇ ਨਾਲ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਹੈ ਪਰ ਹੁਣ ਉਨ੍ਹਾਂ ‘ਤੇ ਭਰੋਸਾ ਨਹੀਂ ਕੀਤਾ ਜਾ ਰਿਹਾ। ਇਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਦੱਸ ਦਈਏ ਕਿ ਕਾਂਗਰਸ ਲੀਡਰ ਅੰਬਿਕਾ ਸੋਨੀ ਤੇ ਕਮਲ ਨਾਥ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਦਿੱਲੀ ਵਿਚ ਕੈਪਟਨ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮਿਲਣ ਦੀ ਕੋਈ ਇੱਛਾ ਨਹੀਂ ਜਤਾਈ ਪਰ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰ ਚੁੱਕੇ ਹਨ। ਕੈਪਟਨ ਨੇ ਅਮਿਤ ਸ਼ਾਹ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਵੀ ਮੁਲਾਕਾਤ ਕੀਤੀ ਹੈ।
ਟੀਵੀ ਪੰਜਾਬ ਬਿਊਰੋ