ਯਾਤਰੀਆਂ ਵੱਲੋਂ Hotel Quarantine ਨਾ ਕਰਨ ਤੇ ਲੱਗਾ ਭਾਰੀ ਜੁਰਮਾਨਾ

Vancouver – ਕੈਨੇਡਾ ਆਉਣ ਵਾਲੇ ਕਈ ਯਾਤਰੀ ਅਜਿਹੇ ਸਨ, ਜਿਨ੍ਹਾਂ ਵੱਲੋਂ ਕੁਆਰੰਟੀਨ ਤੋਂ ਮਨਾਂ ਕੀਤਾ ਗਿਆ। ਇਸ ਸੰਬੰਧੀ 5000 ਯਾਤਰੀਆਂ ਤੋਂ ਵੱਧ ਨੂੰ ਜੁਰਮਾਨਾ ਲੱਗਾ ਹੈ। ਵੈਸੇ ਤਾਂ ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਹੋਟਲ ਕੁਆਰੰਟੀਨ ਦਾ ਨਿਯਮ ਅਗਸਤ ਮਹੀਨੇ ਤੋਂ ਹੀ ਖ਼ਤਮ ਕਰ ਦਿੱਤਾ ਗਿਆ ਸੀ, ਪਰ ਇਸ ਬਾਰੇ ਵਿਵਾਦ ਹਲੇ ਵੀ ਜਾਰੀ ਹੈ। 5000 ਤੋਂ ਵੱਧ ਯਾਤਰੀਆਂ ਨੂੰ ਕੁਆਰੰਟੀਨ ਤੋਂ ਇਨਕਾਰ ਕਰਨ ਦੀ ਵਜ੍ਹਾ ਕਰਕੇ ਜੁਰਮਾਨੇ ਹੋਏੇ ਹਨ, ਇਸ ਦੇ ਨਾਲ ਹੀ ਕਈ ਯਾਤਰੀ ਅਜਿਹੇ ਵੀ ਹਨ ਜਿਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਹੋਈ ਹੈ। ਕਈ ਯਾਤਰੀਆਂ ਵੱਲੋਂ ਖ਼ੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕਈ ਯਾਤਰੀ ਕਹਿੰਦੇ ਹਨ ਕਿ ਉਨ੍ਹਾਂ ਵਾਸਤੇ ਕੁਆਰੰਟੀਨ ਤੋਂ ਮਨਾਂ ਕਰਨਾ ਬਹੁਤ ਸੌਖਾ ਸੀ।
ਕੈਨੇਡੀਅਨ ਸਿਵਿਲ ਲਿਬਰਟੀਜ਼ ਅਸੋਸੀਏਸ਼ਨ ਦੇ ਫ਼ੰਡਾਮੈਂਟਲ ਫ਼੍ਰੀਡਮਜ਼ ਪ੍ਰੋਗਰਾਮ ਦੀ ਡਾਇਰੈਕਟਰ, ਕੈਰਾ ਜ਼ੀਬਲ ਨੇ ਕਿਹਾ ਕਿ ਹੋਟਲ ਕੁਆਰੰਟੀਨ ਦੇਸ਼ ਭਰ ਵਿਚ ਨਿਰਪੱਖ ਤਰੀਕੇ ਨਾਲ ਲਾਗੂ ਨਹੀਂ ਹੋਇਆ ਹੈ।ਅਜੇ ਇਹ ਨਹੀਂ ਪਤਾ ਲੱਗਾ ਕਿ ਕੈਲਗਰੀ ਜਾਂ ਮੌਂਟਰੀਅਲ ਏਅਰਪੋਰਟਸ ‘ਤੇ ਉੱਤਰਨ ਵਾਲੇ ਯਾਤਰੀਆਂ ਨੂੰ ਹੋਟਲ ਕੁਆਰੰਟੀਨ ਨਾਲ ਸਬੰਧਤ ਜੁਰਮਾਨੇ ਹੋਏ ਹਨ ਜਾਂ ਨਹੀਂ। ਦਸ ਦਈਏ ਕਿ 22 ਫ਼ਰਵਰੀ ਤੋਂ 8 ਅਗਸਤ ਤੱਕ ਚੱਲੇ ਇਸ ਹੋਟਲ ਕੁਆਰੰਟੀਨ ਪ੍ਰੋਗਰਾਮ ਤਹਿਤ ਟੋਰੌਂਟੋ, ਕੈਲਗਰੀ, ਵੈਨਕੂਵਰ ਅਤੇ ਮੌਂਟ੍ਰੀਅਲ ਏਅਰਪੋਰਟ ‘ਤੇ ਹੀ ਅੰਤਰਰਾਸ਼ਟਰੀ ਫ਼ਲਾਇਟਾਂ ਆ ਰਹੀਆਂ ਸਨ।
ਦੱਸਦਈਏ ਕਿ ਫ਼ੈਡਰਲ ਸਰਕਾਰ ਨੇ ਕੋਵਿਡ 19 ਦੇ ਫ਼ੈਲਾਅ ਨੂੰ ਰੋਕਣ ਲਈ ਇਹ ਹੋਟਲ ਕੁਆਰੰਟੀਨ ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਅਧੀਨ ਕੈਨੇਡਾ ਪਹੁੰਚਣ ‘ਤੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਕੋਵਿਡ ਟੈਸਟ ਦਾ ਨੈਗਟਿਵ ਟੈਸਟ ਆਉਣ ਤੱਕ ਹੋਟਲ ਵਿਚ ਕੁਆਰੰਟੀਨ ਕਰਨਾ ਜਰੂਰੀ ਸੀ, ਅਤੇ ਹੋਟਲ ਦਾ ਖ਼ਰਚਾ ਵੀ ਯਾਤਰੀਆਂ ਨੂੰ ਖ਼ੁਦ ਕਰਨਾ ਹੁੰਦਾ ਸੀ। ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ ਮੁਤਾਬਕ ਹੋਟਲ ਕੁਆਰੰਟੀਨ ਤੋਂ ਇਨਕਾਰ ਕਰਨ ਵਾਲੇ 5,315 ਯਾਤਰੀਆਂ ਨੂੰ ਜੁਰਮਾਨੇ ਹੋਏ ਹਨ। ਇਹ ਜੁਰਮਾਨੇ 3000 ਡਾਲਰ ਤੋਂ ਲੈਕੇ 5000 ਡਾਲਰ ਦੇ ਦਰਮਿਆਨ ਹੋਏ ।
ਪਬਲਿਕ ਹੈਲਥ ਏਜੰਸੀ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਹਨਾਂ ਦੇ ਅਫ਼ਸਰ, ਹੋਟਲ ਕੁਆਰੰਟੀਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਐਲਬਰਟਾ ਵਿਚ ਜੁਰਮਾਨੇ ਇਸ ਲਈ ਨਹੀਂ ਸੀ ਕਰ ਸਕਦੇ, ਕਿਉਂਕਿ ਸੂਬੇ ਵੱਲੋਂ ਫ਼ੈਡਰਲ ਕੌਂਟ੍ਰਾਵੈਂਸ਼ਨ ਐਕਟ ਨੂੰ ਕਦੇ ਅਪਨਾਇਆ ਹੀ ਨਹੀਂ ਗਿਆ ਸੀ।