ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਅਸੀਂ ਸਰਕਾਰ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਲਖੀਮਪੁਰ ਖੇੜੀ ਦੇ ਪੀੜਤਾਂ ਨੂੰ ਇਨਸਾਫ਼ ਮਿਲ ਸਕੇ। ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿਚ 3 ਮੈਂਬਰੀ ਵਫਦ ਅੱਜ ਲਖੀਮਪੁਰ ਖੇੜੀ ਲਈ ਰਵਾਨਾ ਹੋਵੇਗਾ।
ਇਕ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਭਾਜਪਾ ਸਰਕਾਰ ‘ਤੇ ਕਿਸਾਨਾਂ ਦੀ ਹੱਤਿਆ ਦਾ ਦੋਸ਼ ਵੀ ਲਗਾਇਆ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਦੋ ਮੁੱਖ ਮੰਤਰੀਆਂ ਦੇ ਨਾਲ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜਾਣਗੇ ਤਾਂ ਜੋ ਉੱਥੋਂ ਦੀ ਸਥਿਤੀ ਨੂੰ ਸਮਝਿਆ ਜਾ ਸਕੇ ਅਤੇ ਕਿਸਾਨਾਂ ਦੇ ਪਰਿਵਾਰਾਂ ਦਾ ਸਮਰਥਨ ਕੀਤਾ ਜਾ ਸਕੇ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਕਿਸਾਨਾਂ ਨੂੰ ਜੀਪਾਂ ਨਾਲ ਕੁਚਲਿਆ ਜਾ ਰਿਹਾ ਹੈ, ਉਨ੍ਹਾਂ ਨੂੰ ਮਾਰਿਆ ਜਾ ਰਿਹਾ ਹੈ, ਇਸ ਘਟਨਾ (ਲਖੀਮਪੁਰ ਖੇੜੀ) ਵਿਚ ਇੱਕ ਕੇਂਦਰੀ ਮੰਤਰੀ ਅਤੇ ਉਸਦੇ ਬੇਟੇ ਦਾ ਨਾਂਅ ਸਾਹਮਣੇ ਆ ਰਿਹਾ ਹੈ। ਪ੍ਰਧਾਨ ਮੰਤਰੀ ਲਖਨਊ ਗਏ ਪਰ ਲਖੀਮਪੁਰ ਖੇੜੀ ਨਹੀਂ ਗਏ।
ਇਹ ਕਿਸਾਨਾਂ ‘ਤੇ ਯੋਜਨਾਬੱਧ ਹਮਲਾ ਹੈ। ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਇਹ ਮੁੱਦਾ ਚੁੱਕਣਾ ਤੁਹਾਡੀ (ਮੀਡੀਆ) ਦੀ ਜ਼ਿੰਮੇਵਾਰੀ ਹੈ ਪਰ ਜਦੋਂ ਅਸੀਂ ਸਵਾਲ ਪੁੱਛਦੇ ਹਾਂ, ਇਸ ਮੁੱਦੇ ਨੂੰ ਉਠਾਉਂਦੇ ਹਾਂ, ਤੁਸੀਂ (ਮੀਡੀਆ) ਕਹਿੰਦੇ ਹੋ ਕਿ ਅਸੀਂ ਰਾਜਨੀਤੀ ਕਰ ਰਹੇ ਹਾਂ।
ਇਸ ਦੌਰਾਨ, ਕਾਂਗਰਸ ਨੇ ਦੋਸ਼ ਲਾਇਆ ਹੈ ਕਿ ‘ਭੈਭੀਤ’ ਉੱਤਰ ਪ੍ਰਦੇਸ਼ ਸਰਕਾਰ ਨੇ ਸੀਤਾਪੁਰ ਵਿਚ ਇੰਟਰਨੈਟ ਬੰਦ ਕਰ ਦਿੱਤਾ ਹੈ ਜਿੱਥੇ ਪ੍ਰਿਅੰਕਾ ਗਾਂਧੀ ਨੂੰ 48 ਘੰਟਿਆਂ ਤੋਂ ਜ਼ਿਆਦਾ ਸਮੇਂ ਲਈ ਰੱਖਿਆ ਗਿਆ ਹੈ।
ਟੀਵੀ ਪੰਜਾਬ ਬਿਊਰੋ