ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਭਾਸ਼ਾ ਸਿੱਖੋ ਪ੍ਰੋਗਰਾਮ ਦੀ ਸ਼ੁਰੂਆਤ

ਜਲੰਧਰ : ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਹਿੱਸੇ ਵਜੋਂ ਡਿਪਟੀ ਕਮਿਸ਼ਨਰ ਦਫ਼ਤਰ, ਜਲੰਧਰ ਦੇ ਮੀਟਿੰਗ ਹਾਲ ਵਿਚ ਭਾਸ਼ਾ ਸਿੱਖੋ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿਚ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਨੂੰ ਤੇਲਗੂ ਭਾਸ਼ਾ ਦੇ ਸ਼ਬਦਾਂ ਅਤੇ ਵਾਕਾਂ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਭਾਸ਼ਾ ਸਿੱਖੋ ਪ੍ਰੋਗਰਾਮ ਤਹਿਤ ਦੋ ਰਾਜਾਂ ਨੂੰ ਇਕ ਦੂਜੇ ਦੀ ਭਾਸ਼ਾ ਨੂੰ ਸਿਖਾਉਣ ਦੇ ਮੰਤਵ ਨਾਲ ਪੰਜਾਬ ਅਤੇ ਆਂਧਰਾ ਪ੍ਰਦੇਸ਼ ਨੂੰ ਇਕ ਦੂਜੇ ਨਾਲ ਜੋੜਿਆ ਗਿਆ।

ਇਸ ਪ੍ਰੋਗਰਾਮ ਤਹਿਤ ਤੇਲਗੂ ਦੇ 100 ਵਾਕ ਸਿਖਾਏ ਜਾਣੇ ਹਨ, ਜਿਸ ਤਹਿਤ ਅੱਜ ਸਟੀਫਨ ਐਸ.ਜੇ.ਐਸ. ਸੀਨੀਅਰ ਸਲਾਹਕਾਰ ਡੀਬੀਆਈਆਈਪੀ, ਜੋ ਖੁਦ ਆਂਧਰਾ ਪ੍ਰਦੇਸ਼ ਤੋਂ ਹਨ, ਵੱਲੋਂ ਸੈਸ਼ਨ ਲਿਆ ਗਿਆ ਅਤੇ ਹਾਜ਼ਰ ਕਰਮਚਾਰੀਆਂ ਨੂੰ ਤੇਲਗੂ ਦੇ ਕਰੀਬ 20 ਵਾਕਾਂ ਬਾਰੇ ਜਾਣਕਾਰੀ ਦਿੱਤੀ ਗਈ। ਆਉਣ ਵਾਲੇ ਦਿਨਾਂ ਵਿਚ ਅਧਿਕਾਰੀਆਂ ਨੂੰ ਵੀ ਤੇਲਗੂ ਵਿਚ ਵਾਕਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਦੇਸ਼ ਭਰ ਵਿਚ ਮਨਾਏ ਜਾ ਰਹੇ ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਹਿੱਸੇ ਵਜੋਂ ਭਾਰਤ ਦੀ ਆਜ਼ਾਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਲੜੀਵਾਰ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸਿੱਖਿਆ, ਸਥਾਨਕ ਸਰਕਾਰਾਂ, ਯੁਵਕ ਸੇਵਾਵਾਂ, ਪੇਂਡੂ ਵਿਕਾਸ ਅਤੇ ਪੰਚਾਇਤ ਸਮੇਤ ਵੱਖ-ਵੱਖ ਵਿਭਾਗਾਂ ਨੂੰ ਅਗਸਤ 2023 ਤੱਕ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਸੂਚੀਬੱਧ ਕਰਦੇ ਹੋਏ ਸਮਾਗਮਾਂ ਦਾ ਕੈਲੰਡਰ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਟੀਵੀ ਪੰਜਾਬ ਬਿਊਰੋ