ਜਲੰਧਰ : ਪੰਜਾਬ ਦੇ ਖੇਡ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਵਿਚ ਵੀ ਸ਼ਹਿਰਾਂ ਵਰਗੀਆਂ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਪਰਗਟ ਸਿੰਘ ਵੱਲੋਂ ਵਿਧਾਨਸਭਾ ਹਲਕਾ ਜਲੰਧਰ ਕੈਂਟ ਦੇ ਪਿੰਡਾਂ ਦਾ ਤੁਫ਼ਾਨੀ ਦੌਰਾ ਕਰਦਿਆਂ ਪਿੰਡਾਂ ਦੇ ਵਿਕਾਸ ਲਈ 50 ਲੱਖ ਰੁਪਏ ਦੇ ਚੈਕ ਵੰਡਦਿਆਂ ਕਿਹਾ ਗਿਆ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਵਿਆਪਕ ਯੋਜਨਾ ਉਲੀਕੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਕੀਤੇ ਜਾਣ ਵਾਲੇ ਯਤਨਾਂ ਤੋਂ ਇਲਾਵਾ ਸੂਬਾ ਵਾਸੀਆਂ ਦੀ ਭਲਾਈ ਲਈ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਲੈ ਕੇ ਜਾਣ ਲਈ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਲੋਕਾਂ ਦੇ ਪੈਸੇ ਦੀ ਵੰਡ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਅਨੇਕਾਂ ਸਕੀਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 1500 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਇਆ ਮੁਆਫ਼ ਕੀਤੇ ਗਏ ਹਨ।
ਘਰੇਲੂ ਬਿਜਲੀ ਉਪਭੋਗਤਾਵਾਂ ਦੀ ਬਿਜਲੀ ਦਰ ਵਿਚ ਤਿੰਨ ਰੁਪਏ ਪ੍ਰਤੀ ਯੂਨਿਟ ਦੀ ਕਮੀ ਕੀਤੀ ਗਈ ਹੈ, ਦਿਹਾਤੀ ਖੇਤਰ ਦੀਆਂ ਮੋਟਰਾਂ ਦਾ 1200 ਕਰੋੜ ਰੁਪਏ ਦਾ ਬਕਾਇਆ ਬਿਲ ਮੁਆਫ਼ ਕੀਤਾ ਗਿਆ ਹੈ, ਪਾਣੀ ਚਾਰਜਿਜ਼ 50 ਰੁਪਏ ਲਿਆਂਦਾ ਗਿਆ ਹੈ।
ਰੇਤਾ ਦਾ ਰੇਟ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਕੀਤਾ ਗਿਆ ਹੈ ਅਤੇ ਪੰਜਾਬ ਸਰਕਾਰ ਵਲੋਂ ਗੰਨੇ ਦੀਆਂ ਕੀਮਤਾਂ ਵਿਚ 50 ਰੁਪਏ ਦੇ ਕੀਤੇ ਗਏ ਵਾਧੇ ਵਿਚੋਂ 35 ਰੁਪਏ ਦਾ ਹਿੱਸਾ ਆਪ ਸਹਿਣ ਕੀਤਾ ਜਾ ਰਿਹਾ ਹੈ ਅਤੇ ਪ੍ਰਾਈਵੇਟ ਮਿਲਾਂ ਨੂੰ ਹੁਣ ਕੇਵਲ 15 ਰੁਪਏ ਹੀ ਦੇਣੇ ਹੋਣਗੇ।
ਉਨ੍ਹਾਂ ਕਿਹਾ ਕਿ ਇਨਾਂ ਹੀ ਨਹੀਂ ਸਗੋਂ ਆਉਣ ਵਾਲੇ ਦਿਨਾਂ ਵਿਚ ਵੀ ਸਰਕਾਰ ਵੱਲੋਂ ਲੋਕ ਭਲਾਈ ਦੇ ਕਈ ਅਹਿਮ ਫ਼ੈਸਲੇ ਲਏ ਜਾਣਗੇ। ਇਸ ਮੌਕੇ ਉਨ੍ਹਾਂ ਵੱਲੋਂ ਪਿੰਡ ਚਿਟੇਆਣੀ ਨੂੰ 14 ਲੱਖ ਰੁਪਏ, ਨੰਗਲ ਪਿੰਡ 9 ਲੱਖ ਰੁਪਏ, ਪਿੰਡ ਉਸਮਾਨਪੁਰ ਨੂੰ 9 ਲੱਖ ਅਤੇ ਪਿੰਡ ਫੂਲਪੁਰ ਨੂੰ 14 ਲੱਖ ਰੁਪਏ ਦੀ ਗਰਾਂਟ ਦੇ ਚੈਕ ਸੌਂਪੇ ਗਏ।
ਇਸ ਮੌਕੇ ਉਨ੍ਹਾਂ ਵਲੋਂ 1.25 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਰਾਇਲ ਅਸਟੇਟ ਸੜਕ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਸੁਰਜੀਤ ਹਾਕੀ ਕੋਚਿੰਗ ਕੈਂਪ ਦੀ ਜਸਨੂਰ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਸ ਵੱਲੋਂ ਜਲੰਧਰ ਡਿਸਟ੍ਰਿਕਟ ਓਪਨ ਜੂਨੀਅਰ ਐਥਲੀਟ ਚੈਂਪੀਅਨਸ਼ਿਪ-2021 ਦੌਰਾਨ 50 ਮੀਟਰ ਵਿਚ ਸਿਲਵਰ ਮੈਡਲ ਜਿਤਿਆ ਗਿਆ।
ਟੀਵੀ ਪੰਜਾਬ ਬਿਊਰੋ