PAU ਦੀ ਵਿਦਿਆਰਥਣ ਨੂੰ ਵੱਕਾਰੀ ਪ੍ਰਧਾਨ ਮੰਤਰੀ ਫੈਲੋਸ਼ਿਪ ਹਾਸਲ

ਲੁਧਿਆਣਾ : ਪੀ.ਏ.ਯੂ. ਵਿਚ ਕੀਟ ਵਿਗਿਆਨ ਵਿਭਾਗ ਵਿਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਓਸ਼ੀਨ ਭਾਰਗਵ ਨੂੰ ਵੱਕਾਰੀ ਪ੍ਰਧਾਨ ਮੰਤਰੀ ਫੈਲੋਸ਼ਿਪ ਪ੍ਰਾਪਤ ਹੋਈ ਹੈ। ਇਹ ਫੈਲੋਸ਼ਿਪ ਉਸਨੂੰ ਪੋਸਟ ਡਾਕਟਰਲ ਖੋਜ ਕਾਰਜ ਲਈ ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ, ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ ਭਾਰਤ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ।

ਕੁਮਾਰੀ ਓਸ਼ੀਨ ਭਾਰਗਵ ਮੱਕੀ ਦੇ ਫਾਲ ਆਰਮੀਵਰਮ ਦੀ ਵਾਤਾਵਰਨ ਪੱਖੀ ਰੋਕਥਾਮ ਉੱਪਰ ਖੋਜ ਕਰੇਗੀ । ਇਸ ਸਮੇਂ ਉਹ ਪ੍ਰਸਿੱਧ ਕੀਟ ਮਾਹਿਰ ਡਾ. ਨਵੀਨ ਅਗਰਵਾਲ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਜਾਰੀ ਰੱਖ ਰਹੀ ਹੈ ।

ਬੀਤੇ ਸਾਲਾਂ ਵਿੱਚ ਫਾਲ ਆਰਮੀਵਰਮ ਮੱਕੀ ਦੀ ਫਸਲ ਲਈ ਵੱਡੇ ਖਤਰੇ ਵਜੋਂ ਸਾਹਮਣੇ ਆਇਆ ਹੈ। ਇਸ ਦੀ ਰੋਕਥਾਮ ਲਈ ਭਾਰਤੀ ਹਾਲਾਤ ਵਿਚ ਸਰਬਪੱਖੀ ਤਕਨੀਕਾਂ ਦੀ ਵਰਤੋਂ ਬਾਰੇ ਗੱਲ ਚੱਲੀ ਹੈ। ਕੁਮਾਰੀ ਓਸ਼ੀਨ ਇਸ ਸੰਬੰਧ ਵਿਚ ਹੋਰ ਖੋਜ ਕਾਰਜ ਕਰਕੇ ਮੱਕੀ ਕਾਸ਼ਤਕਾਰਾਂ ਦੀ ਇਸ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰੇਗੀ।

ਪੀ.ਏ.ਯੂ. ਦੇ ਵਾਈਸ ਚਾਂਸਲਰ ਸ੍ਰੀ ਡੀ ਕੇ ਤਿਵਾੜੀ, ਡੀਨ ਪੋਸਟ ਗ੍ਰੈਜੂਏਟ ਸਟੱਡੀ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਡੀ. ਕੇ. ਸ਼ਰਮਾ ਨੇ ਕੁਮਾਰੀ ਓਸ਼ੀਨ ਭਾਰਗਵ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਹਨਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ।

ਖੇਤੀ ਇੰਜਨੀਅਰਿੰਗ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਮੀਟ 27 ਨਵੰਬਰ ਨੂੰ

ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਵਿਚ ਸਾਬਕਾ ਵਿਦਿਆਰਥੀਆਂ ਦੀ ਸਾਲਾਨਾ ਮੀਟ 27 ਨਵੰਬਰ ਨੂੰ ਕਰਵਾਈ ਜਾ ਰਹੀ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਾਲਜ ਦੇ ਡੀਨ ਅਤੇ ਕਾਲਜ ਦੀ ਅਲੂਮਨੀ ਐਸੋਸੀਏਸ਼ਨ ਦੇ ਇੰਚਾਰਜ ਡਾ. ਐੱਸ ਕੇ ਗੁਪਤਾ ਨੇ ਦੱਸਿਆ ਕਿ ਇਸ ਮੀਟ ਵਿਚ ਦੇਸ਼ ਤੋਂ ਹੀ ਨਹੀਂ ਬਲਕਿ ਦੇਸ਼ ਤੋਂ ਬਾਹਰੋਂ ਵੀ ਸਾਬਕਾ ਵਿਦਿਆਰਥੀ ਸ਼ਾਮਿਲ ਹੁੰਦੇ ਰਹੇ ਹਨ।

ਇਸ ਸਾਲ ਮਹਾਂਮਾਰੀ ਦੀਆਂ ਪਾਬੰਦੀਆਂ ਵਿਚ ਢਿੱਲ ਮਿਲਣ ਕਾਰਨ ਬਹੁਤ ਸਾਰੇ ਸਾਬਕਾ ਵਿਦਿਆਰਥੀਆਂ ਦਾ ਪਰਿਵਾਰਾਂ ਸਮੇਤ ਆਪਣੀ ਸੰਸਥਾ ਵਿਚ ਆਉਣ ਦਾ ਅਨੁਮਾਨ ਹੈ।

ਉਹਨਾਂ ਕਿਹਾ ਕਿ ਬੀਤੇ ਸਾਲਾਂ ਵਿਚ ਯੂਨੀਵਰਸਿਟੀ ਦੇ ਇਸ ਕਾਲਜ ਤੋਂ ਪੜ ਕੇ ਵੱਖ-ਵੱਖ ਥਾਵਾਂ ਤੇ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਸਾਬਕਾ ਵਿਦਿਆਰਥੀ ਸ਼ਾਨਦਾਰ ਪਲਾਂ ਨੂੰ ਜੀਣ ਲਈ ਦੁਬਾਰਾ ਇਕੱਤਰ ਹੋਣਗੇ।

ਇਸ ਤੋਂ ਇਲਾਵਾ ਕਾਲਜ ਦੇ ਸਾਬਕਾ ਡੀਨ, ਸੇਵਾ ਮੁਕਤ ਪ੍ਰੋਫੈਸਰ ਅਤੇ ਕਰਮਚਾਰੀ ਵੀ ਆਪਣੇ ਤਜਰਬੇ ਅਤੇ ਯਾਦਾਂ ਸਾਂਝੀਆਂ ਕਰਨ ਲਈ ਆਉਣਗੇ। ਕਾਲਜ ਤੋਂ ਪੜ ਕੇ ਵੱਕਾਰੀ ਅਹੁਦਿਆਂ ਤੇ ਰਹੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੂੰ ਨਵੇਂ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਅਤੇ ਨਵੇਂ ਇੰਜਨੀਅਰਾਂ ਨੂੰ ਉਹਨਾਂ ਕੋਲੋਂ ਸਿੱਖਣ ਦਾ ਮੌਕਾ ਹੋਵੇਗਾ ।

28 ਨਵੰਬਰ ਨੂੰ ਹੋਸਟਲ ਵਿਚ ਸਵੇਰ ਦਾ ਖਾਣਾ ਖਾ ਕੇ ਸਾਬਕਾ ਵਿਦਿਆਰਥੀ ਆਪਣੇ ਲੰਘ ਗਏ ਪਲਾਂ ਨੂੰ ਦੁਬਾਰਾ ਜੀਵਤ ਕਰਨਗੇ। ਇਸ ਤੋਂ ਇਲਾਵਾ ਮਜ਼ੇਦਾਰ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦੀ ਝਾਕੀ ਵੀ ਇਸ ਮੀਟ ਦਾ ਆਕਰਸ਼ਣ ਹੋਵੇਗੀ।

ਟੀਵੀ ਪੰਜਾਬ ਬਿਊਰੋ