ਕੈਨੇਡਾ ਨੇ ਯਾਤਰਾ ਸਬੰਧੀ ਦੇ ਬਦਲੇ ਨਿਯਮ

Vancouver – ਕੈਨੇਡਾ ‘ਚ ਅੱਜ ਤੋਂ ਦਾਖ਼ਲ ਹੋਣ ਵਾਲੇ ਯਾਤਰੀਆਂ ਨੂੰ ਹੁਣ ਨਵੇਂ ਨਿਯਮਾਂ ਦਾ ਸਾਹਮਣਾ ਕਰਨਾ ਪਵੇਗਾ। ਅੱਜ ਤੋਂ ਕੈਨੇਡਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੇ ਕੋਰੋਨਾ ਟੀਕੇ ਦੇ ਦੋਨੋ ਸ਼ੌਟਸ ਲੱਗੇ ਹੋਣ। ਇਹ ਨਵੇਂ ਨਿਯਮ 12 ਸਾਲ ‘ਤੇ ਇਸ ਤੋਂ ਵੱਧ ਉਮਰ ਵਾਲਿਆਂ ‘ਤੇ ਲਾਗੂ ਹੋਣਗੇ। 12 ਸਾਲ ਤੇ ਇਸ ਤੋਂ ਵੱਧ ਉਮਰ ਵਾਲੇ ਉਹ ਯਾਤਰੀ ਅੱਜ ਤੋਂ ਜਹਾਜ਼ ਜਾਂ ਟਰੇਨ ਦਾ ਸਫ਼ਰ ਨਹੀਂ ਕਰ ਸਕਣਗੇ ਜਿਨ੍ਹਾਂ ਦੇ ਕੋਰੋਨਾ ਟੀਕਾ ਨਹੀਂ ਲੱਗਾ ਹੋਵੇਗਾ। ਹਵਾਈ ਜਾਂ ਰੇਲ ਯਾਤਰਾ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ 30 ਅਕਤੂਬਰ ਤੋਂ ਲਾਗੂ ਹੋ ਗਈ ਸੀ, ਪਰ ਫ਼ੈਡਰਲ ਸਰਕਾਰ ਨੇ ਬਗ਼ੈਰ ਵੈਕਸੀਨੇਸ਼ਨ ਵਾਲਿਆਂ ਨੂੰ ਟ੍ਰਾਂਜ਼ੀਸ਼ਨ ਵਾਸਤੇ ਥੋੜੀ ਰਾਹਤ ਦਿੱਤੀ ਗਈ ਸੀ , ਜਿਸ ਦੌਰਾਨ ਯਾਤਰਾ ਕਰਨ ਦੇ 72 ਘੰਟਿਆਂ ਦੇ ਅੰਦਰ ਅੰਦਰ ਕਰਵਾਏ ਗਏ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਵੈਕਸੀਨ ਸਬੂਤ ਦੀ ਥਾਂ ਇਸਤੇਮਾਲ ਕੀਤੀ ਜਾ ਸਕਦੀ ਸੀ।
ਦੱਸ ਦਈਏ ਕਿ ਇਹ ਸਖ਼ਤ ਨਵੀਂ ਵੈਕਸੀਨ ਨੀਤੀ ਉਸ ਵੇਲੇ ਲਾਗੂ ਹੋਈ ਹੈ, ਜਿਸ ਸਮੇਂ ਕੋਵਿਡ ਦੇ ਨਵੇਂ ਓਮੀਕਰੌਨ ਵੇਰੀਐਂਟ ਨੇ ਦੁਨੀਆ ਭਰ ਵਿਚ ਇਸ ਵਾਰ ਫ਼ਿਰ ਤੋਂ ਚਿੰਤਾ ਵਧਾ ਦਿੱਤੀ ਹੈ। ਇਹ ਕੋਰੋਨਾ ਦਾ ਨਵਾਂ ਰੂਪ ਸਭ ਤੋਂ ਪਹਿਲਾਂ ਸਾਊਥ ਅਫ਼ਰੀਕਾ ਵਿਚ ਡਿਟੈਕਟ ਹੋਇਆ।ਇਸ ਖ਼ਿਲਾਫ਼ ਕਾਰਵਾਈ ਕਰਦਿਆਂ ਕੈਨੇਡਾ ਨੇ ਦੱਖਣੀ ਅਫਰੀਕੀ ਦੇਸ਼ਾਂ ਦੇ ਯਾਤਰੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਵੇਰੀਐਂਟ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਿਕ ਇਹ ਕੋਰੋਨਾ ਦਾ ਨਵਾਂ ਰੂਪ ਵੱਧ ਤੇਜ਼ੀ ਨਾਲ ਫ਼ੈਲਦਾ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਆਉਣ ਵਾਲੇ ਸਾਰੇ ਯਾਤਰੀਆਂ ਜਾਂ ਦੇਸ਼ ਦੇ ਅੰਦਰ ਹੀ ਹਵਾਈ ਜਾਂ ਰੇਲ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਕੋਰੋਨਾ ਦੇ ਦੋਨੋਂ ਡੋਜ਼ ਲਗਾਉਣੇ ਜ਼ਰੂਰੀ ਹਨ। ਦੱਖਣੀ ਅਫ਼ਰੀਕੀ ਦੇਸ਼ਾਂ ਦੇ ਜ਼ਰੀਏ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਨੂੰ ਛੱਡ ਕੇ, ਫ਼ਿਲਹਾਲ ਮੁਲਕ ਵਿਚ ਕਿਸੇ ਯਾਤਰੀ ਲਈ ਕੁਆਰੰਟੀਨ ਦੀ ਜ਼ਰੂਰਤ ਨਹੀਂ ਹੈ।