ਨਵੀਂ ਦਿੱਲੀ : ਵਰਲਡ ਅਥਲੈਟਿਕਸ ਨੇ ਭਾਰਤ ਦੀ ਦੌੜਾਕ ਅੰਜੂ ਬੌਬੀ ਜਾਰਜ ਨੂੰ ਵੁਮੈਨ ਆਫ਼ ਦਿ ਈਅਰ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਵਿਸ਼ਵ ਅਥਲੈਟਿਕਸ ਨੇ ਉਸ ਨੂੰ ਇਹ ਪੁਰਸਕਾਰ ਭਾਰਤ ਵਿਚ ਖੇਡ ਨੂੰ ਉਤਸ਼ਾਹਿਤ ਕਰਨ ਅਤੇ ਵੱਡੀ ਗਿਣਤੀ ਵਿਚ ਔਰਤਾਂ ਨੂੰ ਪ੍ਰੇਰਿਤ ਕਰਨ ਲਈ ਦਿੱਤਾ ਹੈ। ਅੰਜੂ ਤੋਂ ਪ੍ਰੇਰਿਤ ਹੋ ਕੇ ਦੇਸ਼ ਦੀਆਂ ਕਈ ਮਹਿਲਾ ਅਥਲੀਟਾਂ ਉਸ ਦੇ ਨਕਸ਼ੇ-ਕਦਮਾਂ ‘ਤੇ ਚੱਲ ਕੇ ਦੇਸ਼ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ।
ਮਹਿਲਾ ਟੈਨਿਸ ਸੰਘ ਵੱਲੋਂ ਚੀਨ ਖਿਲਾਫ ਵੱਡਾ ਫੈਸਲਾ
ਬੀਜਿੰਗ : ਚੀਨ ਦੀ ਸਟਾਰ ਮਹਿਲਾ ਟੈਨਿਸ ਖਿਡਾਰਨ ਪੇਂਗ ਸ਼ੁਆਈ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਮਹਿਲਾ ਟੈਨਿਸ ਸੰਘ (ਡਬਲਯੂ.ਟੀ.ਏ.) ਨੇ ਚੀਨ ਖਿਲਾਫ ਵੱਡਾ ਫੈਸਲਾ ਲਿਆ ਹੈ।
ਕਈ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦੇ ਮੱਦੇਨਜ਼ਰ ਐਸੋਸੀਏਸ਼ਨ ਨੇ ਚੀਨ ‘ਚ ਹੋਣ ਵਾਲੇ ਸਾਰੇ ਟੂਰਨਾਮੈਂਟ ਤੁਰੰਤ ਮੁਲਤਵੀ ਕਰ ਦਿੱਤੇ ਹਨ। ਇਸ ਫੈਸਲੇ ਦੀ ਟੈਨਿਸ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਨੇ ਸ਼ਲਾਘਾ ਕੀਤੀ ਹੈ।
ਸੁਦੀਪ ਚੈਟਰਜੀ ਹੋਣਗੇ ਬੰਗਾਲ ਦੇ ਕਪਤਾਨ
ਕੋਲਕਾਤਾ : ਸੁਦੀਪ ਚੈਟਰਜੀ ਨੂੰ 8 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਵਿਜੇ ਹਜ਼ਾਰੇ ਟਰਾਫੀ ਇਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਲਈ ਬੰਗਾਲ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਚੈਟਰਜੀ ਦੀ ਅਗਵਾਈ ਵਾਲੀ ਬੰਗਾਲ ਟੀਮ ਨੂੰ ਇਸ ਮਹੀਨੇ ਸਈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਕਰਨਾਟਕ ਖ਼ਿਲਾਫ਼ ਸੁਪਰ ਓਵਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਕਾਂਸੀ ਦਾ ਤਗਮਾ ਜੇਤੂ ਸੇਵਾਮੁਕਤ ਅਧਿਆਪਕ ਦਾ ਸਨਮਾਨ
ਬਰਨਾਲਾ : ਵਾਰਾਣਸੀ ਵਿਖੇ ਹੋਈ 28 ਸੂਬਿਆਂ ਦੀ ਅਥਲੈਟਿਕਸ ਮੀਟ ਦੌਰਾਨ ਕਾਂਸੀ ਦਾ ਤਗਮਾ ਜੇਤੂ ਸੇਵਾਮੁਕਤ ਅਧਿਆਪਕ ਸੁਰਿੰਦਰ ਕੁਮਾਰ (78) ਵਾਸੀ ਤਪਾ ਦੇ ਤਪਾ ਪਹੁੰਚਣ ‘ਤੇ ਸ਼ਹਿਰ ਦੇ ਸਮੂਹ ਕਲੱਬਾਂ ਅਤੇ ਸੰਸਥਾਵਾਂ ਨੇ ਪਰਿਵਾਰਕ ਮੈਂਬਰਾਂ ਸਮੇਤ ਭਰਵਾਂ ਸਵਾਗਤ ਕੀਤਾ।
ਅਥਲੀਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਕਾਂਸੇ ਦਾ ਤਗਮਾ ਜਿੱਤਣ ਤੋਂ ਬਾਅਦ ਹੁਣ ਉਸ ਦੀ ਐਂਟਰੀ 2022 ਵਿਚ ਜਪਾਨ ਦੇ ਸ਼ਹਿਰ ਟੋਕੀਓ ਵਿਖੇ ਹੋ ਰਹੀਆਂ ਖੇਡਾਂ ‘ਚ ਹੋ ਗਈ ਹੈ।
ਟੀਵੀ ਪੰਜਾਬ ਬਿਊਰੋ